ਕਲਯੁਗੀ ਪੁੱਤ ਨੇ ਪਤਨੀ ਨਾਲ ਮਿਲ ਕੇ ਪਿਓ ਨੂੰ ਮਾਰ ਮੁਕਾਇਆ

ਸਬੂਤ ਮਿਟਾਉਣ ਲਈ ਲਾਸ਼ ਦਾ ਕੀਤਾ ਜਲਦੀ ਸਸਕਾਰ
ਮੁੱਲਾਂਪੁਰ ਦਾਖਾ, 26 ਦਸੰਬਰ – ਥਾਣਾ ਦਾਖਾ ਅਧੀਨ ਪੈਂਦੇ ਪਿੰਡ ਬਲੀਪੁਰ ਖੁਰਦ ਵਿਖੇ ਕਲਯੁਗੀ ਪੁੱਤ ਨੇ ਆਪਣੀ ਪਤਨੀ ਨਾਲ ਮਿਲ ਕੇ ਆਪਣੇ ਪਿਓ ਦਾ ਕਤਲ ਕਰ ਕੇ ਲਾਸ਼ ਖੁਰਦ-ਬੁਰਦ ਕਰਨ ਲਈ ਜਲਦਬਾਜ਼ੀ ’ਚ ਸਸਕਾਰ ਕਰ ਦਿੱਤਾ।
ਥਾਣਾ ਦਾਖਾ ਦੀ ਪੁਲਸ ਨੇ ਉਸ ਦੇ ਭਤੀਜੇ ਕਿਰਨਵੀਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਬਲੀਪੁਰ ਖੁਰਦ ਦੇ ਬਿਆਨਾਂ ’ਤੇ ਗੁਰਇਕਬਾਲ ਸਿੰਘ ਉਰਫ ਮੱਖਣ ਪੁੱਤਰ ਜਗਰੂਪ ਸਿੰਘ ਅਤੇ ਉਸ ਦੀ ਪਤਨੀ ਸੁਰਿੰਦਰ ਕੌਰ ਛਿੰਦਰ ਵਾਸੀ ਬਲੀਪੁਰ ਖੁਰਦ ਵਿਰੁੱਧ ਜ਼ੇਰੇ ਧਾਰਾ 105, 238, 3 (5) ਬੀ. ਐੱਨ. ਐੱਸ. ਤਹਿਤ ਕੇਸ ਦਰਜ ਕੀਤਾ ਹੈ।

ਥਾਣਾ ਦਾਖਾ ਦੇ ਮੁਖੀ ਇੰਸ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਕਿਰਨਵੀਰ ਸਿੰਘ ਨੇ ਆਪਣੇ ਬਿਆਨਾਂ ’ਚ ਦੋਸ਼ ਲਾਇਆ ਕਿ ਉਹ ਕੈਨੇਡਾ ਪੀ. ਆਰ. ਹੈ। ਉਸ ਦੇ ਪਿਤਾ ਬਲਜੀਤ ਸਿੰਘ ਦੀ ਉਸ ਦੇ ਜਨਮ ਤੋਂ ਡੇਢ ਸਾਲ ਬਾਅਦ ਹੀ ਮੌਤ ਹੋ ਗਈ ਸੀ। ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਜਦੋਂ ਤੋਂ ਉਸ ਨੇ ਸੁਰਤ ਸੰਭਾਲੀ ਤਾਂ ਉਸ ਦਾ ਤਾਇਆ ਜਗਰੂਪ ਸਿੰਘ (ਜਿਸ ਨੂੰ ਉਹ ਡੈਡੀ ਹੀ ਆਖਦਾ ਸੀ) ਨੇ ਹੀ ਪਰਿਵਾਰ ਦਾ ਪਾਲਣ-ਪੋਸਣ ਕੀਤਾ।

ਕਰੀਬ 3 ਸਾਲ ਪਹਿਲਾਂ ਉਸ ਦੀ ਮਾਤਾ ਹਰਜੀਤ ਕੌਰ ਦੀ ਵੀ ਮੌਤ ਹੋ ਗਈ ਸੀ। ਉਸ ਦੇ ਇਕੱਲਾ ਰਹਿਣ ਕਰ ਕੇ ਉਸ ਦਾ ਤਾਇਆ ਹੀ ਉਸ ਦੀ ਅਤੇ ਉਸ ਦੀ ਜ਼ਮੀਨ ਦੀ ਦੇਖ-ਰੇਖ ਕਰਦਾ ਸੀ। ਉਸ ਦੇ ਤਾਏ ਨੇ ਉਸ ਨੂੰ ਕਰੀਬ 2 ਸਾਲ ਪਹਿਲਾਂ ਵਿਦੇਸ਼ ਕੈਨੇਡਾ ਭੇਜਿਆ ਸੀ। ਉਸ ਦੇ ਤਾਏ ਦੀ ਤੇ ਹਫਤੇ ’ਚ ਉਸ ਨਾਲ ਤਕਰੀਬਨ 2-3 ਵਾਰ ਗੱਲਬਾਤ ਹੁੰਦੀ ਰਹਿੰਦੀ ਸੀ।
ਉਸ ਨੂੰ ਉਸ ਦਾ ਤਾਇਆ ਜਗਰੂਪ ਸਿੰਘ ਫੋਨ ਕਰ ਕੇ ਦੱਸਦਾ ਰਹਿੰਦਾ ਸੀ ਕਿ ਉਸ ਦਾ ਲੜਕਾ ਗੁਰਇਕਬਾਲ ਸਿੰਘ ਉਰਫ ਮੱਖਣ ਅਤੇ ਨੂੰਹ ਸੁਰਿੰਦਰ ਕੌਰ ਉਰਫ ਛਿੰਦਰ ਉਸ ਨੂੰ ਰੋਟੀ-ਪਾਣੀ ਨਹੀਂ ਦਿੰਦੇ, ਉਲਟਾ ਉਸ ਨਾਲ ਕੁੱਟਮਾਰ ਕਰਦੇ ਹਨ। ਇਸ ਕਰ ਕੇ ਉਹ ਇਨ੍ਹਾਂ ਤੋਂ ਬਹੁਤ ਦੁਖੀ ਹੈ। ਇਹ ਦੋਵੇਂ ਜਣੇ ਕਿਸੇ ਸਮੇਂ ਵੀ ਉਸ ਦੀ ਕੁੱਟਮਾਰ ਕਰ ਕੇ ਜਾਨੋਂ ਮਾਰ ਸਕਦੇ ਹਨ।
ਉਸ ਨੇ ਆਪਣੇ ਤਾਏ ਨੂੰ ਸਮਝਾਇਆ ਕਿ ਤਾਇਆ ਤੂੰ ਚਿੰਤਾ ਨਾ ਕਰ ਉਹ ਇੰਡੀਆ ਆ ਕੇ ਇਨ੍ਹਾਂ ਨੂੰ ਸਮਝਾਵੇਗਾ। ਤਾਏ ਦੀ ਮੌਤ ਤੋਂ ਕਰੀਬ 2-3 ਦਿਨ ਪਹਿਲਾਂ ਉਸ ਨੂੰ ਤਾਏ ਦਾ ਫੋਨ ਆਇਆ ਸੀ ਕਿ ਉਸ ਨੂੰ ਅੱਜ ਫਿਰ ਇਨ੍ਹਾਂ ਦੋਵਾਂ ਪੁੱਤ-ਨੂੰਹ ਨੇ ਕੁੱਟਮਾਰ ਕਰ ਕੇ ਜਲੀਲ ਕੀਤਾ ਹੈ, ਜਲਦੀ ਆ ਜਾ ਨਹੀਂ ਤਾਂ ਇਹ ਉਸ ਨੂੰ ਮਾਰ ਦੇਣਗੇ, ਤਾਂ ਉਸ ਨੇ ਆਪਣੇ ਤਾਏ ਨੂੰ ਕਿਹਾ ਕਿ ਤੂੰ ਚਿੰਤਾ ਨਾ ਕਰ ਉਹ ਇਕ ਹਫਤੇ ਅੰਦਰ ਇੰਡੀਆ ਆ ਜਾਵੇਗਾ।
3 ਦਸੰਬਰ ਨੂੰ ਉਸ ਨੂੰ ਤਾਏ ਦੀ ਲੜਕੀ ਇੰਦਰਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਗਾਲਿਬ ਕਲਾਂ ਦਾ ਫੋਨ ਆਇਆ ਕਿ ਪਿਤਾ ਜਗਰੂਪ ਸਿੰਘ ਦੀ ਮੌਤ ਹੋ ਗਈ ਹੈ, ਉਸ ਨੂੰ ਕਿਹਾ ਕਿ ਮੈਂ ਇੰਡੀਆ ਆ ਰਿਹਾ ਹਾਂ, ਤੁਸੀਂ ਤਾਇਆ ਜੀ ਦਾ ਸੰਸਕਾਰ ਨਾ ਕਰਿਓ, ਉਸ ਦੀ ਉਡੀਕ ਕਰਿਓ। ਜਦ ਉਹ 6 ਦਸੰਬਰ ਨੂੰ ਘਰ ਪੁੱਜਾ ਤਾਂ ਉਸ ਨੂੰ ਪਤਾ ਲੱਗਾ ਕਿ ਤਾਇਆ ਜੀ ਦਾ ਅੰਤਿਮ ਸੰਸਕਾਰ ਕੀਤਾ ਜਾ ਚੁੱਕਾ ਸੀ। ਜਦੋਂ ਉਸ ਨੇ ਪੁੱਛਿਆ ਕਿ ਤੁਸੀਂ ਉਸ ਦੀ ਉਡੀਕ ਕਿਉਂ ਨਹੀ ਕੀਤੀ ਤਾਂ ਕਿਹਾ ਗਿਆ ਕਿ ਲਾਸ਼ ਖਰਾਬ ਹੋ ਸਕਦੀ ਸੀ। ਇਸ ਕਰ ਕੇ ਅਸੀਂ ਸੰਸਕਾਰ ਕਰ ਦਿੱਤਾ।
ਸ਼ੱਕ ਹੋਣ ’ਤੇ ਇਸ ਸਬੰਧੀ ਉਹ ਪੜਤਾਲ ਕਰਨ ਲੱਗਾ ਤਾਂ ਉਸ ਨੂੰ ਤਾਇਆ ਦੀ ਮ੍ਰਿਤਕ ਦੇਹ ਨਹਾਉਣ ਵਾਲਿਅਾਂ ਨੇ ਦੱਸਿਆ ਕਿ ਉਸ ਦੇ ਸਿਰ ਦੇ ਪਿਛਲੇ ਪਾਸੇ ਸੱਟ ਦਾ ਨਿਸ਼ਾਨ ਸੀ ਤੇ ਲਹੂ ਨਿਕਲਿਆ ਹੋਇਆ ਸੀ। ਉਸ ਨੂੰ ਸਾਡੇ ਘਰ ਦੇ ਕਿਸੇ ਜ਼ਿੰਮੇਵਾਰ ਵਿਅਕਤੀ ਨੇ ਇਕ ਪੈੱਨ ਡਰਾਈਵ ਦੇ ਕੇ ਵੀਡੀਓ ਦੇਖਣ ਲਈ ਕਿਹਾ, ਜਿਸ ਨੂੰ ਉਸ ਨੇ ਵਾਚਿਆ ਤਾਂ ਪਤਾ ਲੱਗਾ ਕਿ 3 ਦਸਬੰਰ ਨੂੰ ਤਾਏ ਦੀ ਨੂੰਹ ਸੁਰਿੰਦਰ ਕੌਰ ਨੇ ਉਸ ਦੇ ਤਾਏ ਦੀ ਕੁੱਟਮਾਰ ਕਰਦੇ ਹੋਏ ਜ਼ੋਰਦਾਰ ਧੱਕਾ ਮਾਰਿਆ, ਜਿਸ ਨਾਲ ਡਿੱਗਣ ਕਾਰਨ ਤਾਇਆ ਜੀ ਦੇ ਸਿਰ ਦੇ ਪਿਛਲੇ ਪਾਸੇ ਸੱਟ ਲੱਗੀ, ਜਿਸ ਨਾਲ ਉਸ ਦੀ ਮੌਤ ਹੋਈ ਹੈ।
ਉਸੇ ਸਮੇਂ ਤਾਏ ਦਾ ਲੜਕਾ ਗੁਰਇਕਬਾਲ ਸਿੰਘ ਆਪਣੀ ਗੱਡੀ ’ਤੇ ਆਉਂਦਾ ਹੈ ਤੇ ਉਹ ਵੀ ਆਪਣੀ ਪਤਨੀ ਨੂੰ ਸ਼ਹਿ ਦਿੰਦਾ ਹੈ ਕਿ ਮਾਰ ਇਸ ਦੇ ਹੋਰ ਮਾਰ। ਇਹ ਦੋਵੇਂ ਜਣਿਆਂ ਨੇ ਮੇਰੇ ਤਾਏ ਜਗਰੂਪ ਸਿੰਘ ਨੂੰ ਮਾਰਿਆ ਹੈ ਤੇ ਬਾਅਦ ’ਚ ਆਪਣੀ ਪਤਨੀ ਨੂੰ ਕੈਨੇਡਾ ਭੇਜ ਦਿੱਤਾ।
ਇਸ ਸਬੰਧੀ ਵਜ੍ਹਾ ਰੰਜਿਸ਼ ਇਹ ਹੈ ਕਿ ਇਸ ਤੋਂ ਪਹਿਲਾਂ ਜੁਲਾਈ 2024 ’ਚ ਵੀ ਉਸ ਦੇ ਤਾਏ ਦੀ ਇਸ ਨੇ ਕੁੱਟਮਾਰ ਕੀਤੀ ਸੀ, ਜਿਸ ਸਬੰਧੀ ਮੋਹਤਬਰ ਵਿਅਕਤੀਅਾਂ ਨੇ ਇਨ੍ਹਾਂ ਦਾ ਫੈਸਲਾ ਕਰਵਾ ਦਿੱਤਾ ਸੀ ਕਿ ਗੁਰਇਕਬਾਲ ਅਤੇ ਇਸ ਦੀ ਪਤਨੀ ਸੁਰਿੰਦਰ ਕੌਰ ਦਸੰਬਰ 2024 ਤੋਂ ਪਹਿਲਾਂ-ਪਹਿਲਾਂ ਘਰ ਖਾਲੀ ਕਰ ਦੇਣਗੇ ਪਰ ਗੁਰਇਕਬਾਲ ਸਿੰਘ ਅਤੇ ਇਸ ਦੀ ਪਤਨੀ ਸੁਰਿੰਦਰ ਕੌਰ ਨੇ ਫੈਸਲੇ ਦੀ ਮਿਤੀ ਲੰਘਣ ਤੋਂ ਬਾਅਦ ਵੀ ਘਰ ਖਾਲੀ ਨਹੀਂ ਕੀਤਾ ਸੀ।
ਥਾਣਾ ਮੁਖੀ ਇੰਸ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਕਾਤਲ ਗੁਰਇਕਬਾਲ ਸਿੰਘ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ, ਜਦਕਿ ਉਸ ਦੀ ਪਤਨੀ ਸੁਰਿੰਦਰ ਕੌਰ ਪਹਿਲਾਂ ਹੀ ਕੈਨੇਡਾ ਫਰਾਰ ਹੋ ਚੁੱਕੀ ਹੈ ।

Leave a Reply

Your email address will not be published. Required fields are marked *