ਚੀਮਾ ਮੰਡੀ – ਜਿਲਾ ਸੰਗਰੂਰ ਦੇ ਪਿੰਡ ਸ਼ਾਹਪੁਰ ਕਲਾਂ ਦੇ ਜਗਰੂਪ ਸਿੰਘ (33) ਅਤੇ ਲਵਪ੍ਰੀਤ ਸਿੰਘ (24) ਵੱਲੋਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਗਈ।
ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕਾਈ ਪ੍ਰਧਾਨ ਗੁਰਮੇਲ ਸਿੰਘ ਸ਼ਾਹਪੁਰ ਕਲਾਂ ਤੇ ਜੀਤ ਸਿੰਘ ਸਾਬਕਾ ਪੰਚ ਨੇ ਦੱਸਿਆ ਕਿ ਦੋਵੇਂ ਪਰਿਵਾਰਾਂ ਦੇ ਨੌਜਵਾਨ ਮੱਧ ਵਰਗੀ ਕਿਸਾਨ ਪਰਿਵਾਰਾਂ ਨਾਲ ਸਬੰਧਤ ਹਨ ਤੇ ਦੋਵੇਂ ਨੌਜਵਾਨਾਂ ਸਿਰ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਸੀ, ਜਿਸ ਕਾਰਨ ਦੋਵੇਂ ਨੌਜਵਾਨਾਂ ਨੇ ਆਪਣਾ ਤੇ ਆਪਣੇ ਪਰਿਵਾਰ ਦਾ ਕਰਜ਼ਾ ਉਤਾਰਨ ਲਈ ਕਿਸਾਨੀ ਦੇ ਨਾਲ-ਨਾਲ ਸਹਾਇਕ ਪਸ਼ੂ ਪਾਲਣ ਤੇ ਹੋਰ ਸਹਾਇਕ ਕੰਮ ਕਰ ਕੇ ਕਰਜ਼ਾ ਉਤਾਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਬਦਕਿਸਮਤੀ ਨਾਲ ਕਰਜ਼ੇ ਪੰਡ ਦਿਨੋ-ਦਿਨ ਭਾਰੀ ਹੁੰਦੀ ਵੇਖ ਕੇ ਦੋਵੇਂ ਨੌਜਵਾਨਾਂ ਨੇ ਜ਼ਹਿਰਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਮੇਲ ਸਿੰਘ ਨੇ ਸਰਕਾਰ ਤੋਂ ਦੋਵੇਂ ਪਰਿਵਾਰਾਂ ਦੇ ਸਰਕਾਰੀ ਤੇ ਗੈਰ ਸਰਕਾਰੀ ਕਰਜ਼ੇ ਦੀ ਮੁਆਫ਼ੀ ਦੀ ਮੰਗ ਕੀਤੀ ਹੈ।
