ਪੁਲਸ ਨੇ ਨੌਜਵਾਨਾਂ ਤੋਂ 5600 ਰੁਪਏ ਨਕਦ, ਮੋਬਾਇਲ ਫੋਨ ਅਤੇ 3 ਮੋਟਰਸਾਈਕਲ ਬਰਾਮਦ ਕੀਤੇ
ਬਟਾਲਾ : ਕੁਝ ਦਿਨ ਪਹਿਲਾਂ 2 ਔਰਤਾਂ ’ਤੇ ਦਾਤਰ ਨਾਲ ਹਮਲਾ ਕਰ ਕੇ ਪਰਸ, ਨਕਦੀ ਅਤੇ ਮੋਬਾਈਲ ਫੋਨ ਖੋਹਣ ਵਾਲੇ 2 ਨੌਜਵਾਨਾਂ ਨੂੰ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਨੇ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 5600 ਰੁਪਏ, ਮੋਬਾਈਲ ਅਤੇ 3 ਮੋਟਰਸਾਈਕਲ ਬਰਾਮਦ ਕੀਤੇ ਹਨ।
ਇਸ ਸਬੰਧੀ ਥਾਣਾ ਕਿਲਾ ਲਾਲ ਸਿੰਘ ਦੇ ਐੱਸ. ਐੱਚ. ਓ. ਪ੍ਰਭਜੋਤ ਸਿੰਘ ਨੇ ਦੱਸਿਆ ਕਿ 21 ਜਨਵਰੀ ਨੂੰ ਪਿੰਡ ਮਿਰਜਾਜਾਨ ’ਚ 2 ਅਣਪਛਾਤੇ ਨੌਜਵਾਨਾਂ ਨੇ ਦੋ ਔਰਤਾਂ ਅਨੀਤਾ ਰਾਣੀ ਪਤਨੀ ਸੁਰਿੰਦਰਪਾਲ ਸਿੰਘ ਅਤੇ ਅਨਮੋਲਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਵਾਸੀਆਨ ਮਿਰਜਾਜਾਨ ’ਤੇ ਦਾਤਰ ਨਾਲ ਹਮਲਾ ਕਰ ਕੇ ਉਨ੍ਹਾਂ ਦਾ ਪਰਸ, 5600 ਰੁਪਏ ਅਤੇ ਇਕ ਮੋਬਾਈਲ ਖੋਹ ਲਿਆ ਸੀ, ਜਿਸ ਸਬੰਧੀ ਪੁਲਸ ਵੱਲੋਂ ਥਾਣਾ ਕਿਲਾ ਲਾਲ ਸਿੰਘ ਵਿਖੇ ਮਾਮਲਾ ਵੀ ਦਰਜ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਦੇ ਹੋਏ ਪੁਲਸ ਨੇ ਇਸ ਕੇਸ ’ਚ ਤਿੰਨ ਨੌਜਵਾਨਾਂ ਨੂੰ ਨਾਮਜ਼ਦ ਕੀਤਾ ਸੀ, ਜਿਨ੍ਹਾਂ ’ਚੋਂ 2 ਨੌਜਵਾਨਾਂ ਲਖਵਿੰਦਰ ਪਾਲ ਵਾਸੀ ਧਿਆਨਪੁਰ ਅਤੇ ਸੁਖਦੀਪ ਸਿੰਘ ਵਾਸੀ ਪਿੰਡ ਚੱਠਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਗ੍ਰਿਫਤਾਰ ਕੀਤੇ ਨੌਜਵਾਨਾਂ ਤੋਂ ਖੋਹਿਆ ਮੋਬਾਈਲ ਫੋਨ, 5600 ਰੁਪਏ ਅਤੇ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਪੁਲਸ ਵੱਲੋਂ ਉਕਤ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਸਾਥੀ ਨੂੰ ਵੀ ਜਲਦੀ ਹੀ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ।
