ਸਰਕਾਰੀ ਕੰਮਕਾਜ ਕਰਵਾਉਣ ਪੁੱਜੇ ਲੋਕਾਂ ਤੋਂ ਲਈ ਫੀਡਬੈਕ

ਸੁਨਾਮ ਊਧਮ ਸਿੰਘ ਵਾਲਾ :- ਪੰਜਾਬ ਸਰਕਾਰ ਵੱਲੋਂ ਸਰਕਾਰੀ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਨੂੰ ਮੁਕੰਮਲ ਤੌਰ ’ਤੇ ਠੱਲ੍ਹ ਪਾਉਣ ਦੇ ਦਿੱਤੇ ਸਖਤ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੀ ਅਗਵਾਈ ਹੇਠ ਅੱਜ ਐੱਸ. ਡੀ. ਐੱਮ. ਪ੍ਰਮੋਦ ਸਿੰਗਲਾ ਵੱਲੋਂ ਤਹਿਸੀਲ ਕੰਪਲੈਕਸ, ਸੇਵਾ ਕੇਂਦਰਾਂ ਅਤੇ ਈ. ਓ. ਦਫਤਰ ਦਾ ਅਚਨਚੇਤ ਦੌਰਾ ਕਰ ਕੇ ਉਥੇ ਕੰਮਕਾਰ ਕਰਵਾਉਣ ਲਈ ਪੁੱਜੇ ਹੋਏ ਲੋਕਾਂ ਨਾਲ ਗੱਲਬਾਤ ਕੀਤੀ ਗਈ।
ਸਿੰਗਲਾ ਨੇ ਨਾਗਰਿਕਾਂ ਨੂੰ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਉਨ੍ਹਾਂ ਕੋਲੋਂ ਸਰਕਾਰੀ ਫੀਸ ਤੋਂ ਇਲਾਵਾ ਕਿਸੇ ਵੀ ਹੋਰ ਤਰੀਕੇ ਨਾਲ ਰਾਸ਼ੀ ਦੀ ਮੰਗ ਕਰਦਾ ਹੈ ਤਾਂ ਉਹ ਇਸ ਦੀ ਸ਼ਿਕਾਇਤ ਉਨ੍ਹਾਂ ਨੂੰ ਜਾਂ ਵਿਜੀਲੈਂਸ ਦੇ ਭ੍ਰਿਸ਼ਟਾਚਾਰ ਰੋਕੂ ਟੋਲ ਫਰੀ ਹੈਲਪਲਾਈਨ ਨੰਬਰ 1800-1800-1000 ਉੱਤੇ ਕਰ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਸਬੰਧੀ ਸਰਕਾਰ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਕਿ ਨਾਗਰਿਕਾਂ ਨੂੰ ਬਿਨਾਂ ਵਜ੍ਹਾ ਖੱਜਲ ਖੁਆਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਫਿਰ ਵੀ ਜੇਕਰ ਸਬ ਡਵੀਜ਼ਨ ਸੁਨਾਮ ਅਧੀਨ ਕਿਸੇ ਵੀ ਵਿਭਾਗ ’ਚ ਨਾਗਰਿਕਾਂ ਦੇ ਕੰਮ ਨੂੰ ਪੂਰਾ ਕਰਨ ਵਿਚ ਟਾਲ-ਮਟੋਲ ਵਾਲਾ ਰਵੱਈਆ ਅਪਣਾਇਆ ਜਾਂਦਾ ਹੈ ਤਾਂ ਨਾਗਰਿਕ ਤੁਰੰਤ ਅਜਿਹੇ ਮਾਮਲੇ ਉਨ੍ਹਾਂ ਦੇ ਧਿਆਨ ’ਚ ਲਿਆਉਣ।
ਐੱਸ. ਡੀ. ਐੱਮ. ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੀਤੀ ਗਈ ਗੱਲਬਾਤ ਦੌਰਾਨ ਲੋਕਾਂ ਨੇ ਸਰਕਾਰੀ ਕੰਮਕਾਜ ਦੇ ਸੁਚਾਰੂ ਹੋਣ ਪ੍ਰਤੀ ਹਾਂ ਪੱਖੀ ਹੁੰਗਾਰਾ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਸਮੇਂ ਸਮੇਂ ਤੇ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਅਚਨਚੇਤ ਦੌਰੇ ਕਰਦੇ ਰਹਿਣਗੇ।
