ਸਫਾਈ ਕਰਮਚਾਰੀਆ ਦੀ ਹਾਜ਼ਰੀ ਕੀਤੀ ਚੈੱਕ
ਮਲੋਟ : ਡਿਪਟੀ ਕਮਿਸ਼ਨਰ ਮੁਕਤਸਰ ਸਾਹਿਬ ਦੀਆਂ ਹਦਾਇਤਾਂ ’ਤੇ ਡਾ. ਸੰਜੀਵ ਸ਼ਰਮਾ ਐੱਸ. ਡੀ. ਐੱਮ. ਮਲੋਟ ਨੇ ਨਗਰ ਕੌਂਸਲ ਮਲੋਟ ਵੱਲੋਂ ਕਰਵਾਈ ਜਾਂਦੀ ਸਫਾਈ ਵਿਵਸਥਾ ਦਾ ਅਚਨਚੇਤ ਸਵੇਰੇ 7 ਵਜੇ ਜਾਇਜ਼ਾ ਲਿਆ ਅਤੇ ਸਫਾਈ ਕਰਮਚਾਰੀਆ ਦੀ ਹਾਜ਼ਰੀ ਚੈੱਕ ਕੀਤੀ।
ਇਸ ਦੌਰਾਨ ਐੱਸ. ਡੀ. ਐੱਮ. ਮਲੋਟ ਨੇ ਹਦਾਇਤ ਕੀਤੀ ਕਿ ਇਹ ਚੈਕਿੰਗ ਉਹ ਹੁਣ ਲਗਾਤਾਰ ਕਰਦੇ ਰਹਿਣਗੇ ਤਾਂ ਕਿ ਮਲੋਟ ਸ਼ਹਿਰ ਦੀ ਸਫਾਈ ਅਤੇ ਸੁੰਦਰਤਾ ਵੱਲ ਖਾਸ ਧਿਆਨ ਦਿੱਤਾ ਜਾਵੇ। ਉਨ੍ਹਾਂ ਨੇ ਹਦਾਇਤ ਕੀਤੀ ਕਿ ਜੇਕਰ ਕੋਈ ਕਰਮਚਾਰੀ ਆਪਣਾ ਏਰੀਏ ਦੀ ਡਿਊਟੀ ਨਹੀਂ ਕਰਦਾ ਪਾਇਆ ਤਾਂ ਉਸ ਉੱਪਰ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ 2 ਸਫਾਈ ਕਰਮਚਾਰੀਆ ਦੀ ਹੌਸਲਾ ਅਫਜ਼ਾਈ ਵੀ ਕੀਤੀ।
ਉਨ੍ਹਾਂ ਕਿਹਾ ਕਿ ਜੋ ਦੁਕਾਨਦਾਰ ਆਪਣਾ ਕੂੜਾ ਬਾਹਰ ਸੁੱਟਦੇ ਹਨ ਜਾਂ ਡਸਟਬਿਨ ਦੀ ਵਰਤੋਂ ਨਹੀਂ ਕਰਦੇ ਬਲਕਿ ਬੋਕਰ ਮਾਰ ਕੇ ਕੂੜਾ ਸੜਕ ਵਿਚਕਾਰ ਕਰਦੇ ਹਨ, ਉਹ ਡਸਟਬਿਨ ਦੀ ਵਰਤੋਂ ਕਰਨ ਅਤੇ ਕੂੜਾ ਸਫਾਈ ਕਰਮਚਾਰੀ ਜਾਂ ਵੈਸਟ ਕੁਲੈਕਟਰ ਦੇ ਸਪੁਰਦ ਕਰ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ।
ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਜਿਨ੍ਹਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹਨ ਜਾਂ ਜਿਨ੍ਹਾਂ ਦੁਕਾਨਦਾਰਾਂ, ਕਬਾੜੀਆ, ਵਰਕਸ਼ਾਪ ਵਾਲੇ ਆਪਣਾ ਸਮਾਨ ਬਾਹਰ ਰੱਖਦੇ ਹਨ ਅਤੇ ਕੰਮ ਕਰਨ ਉਪਰੰਤ ਰੇਹੜੀ ਫੜੀ ਘਰੇ ਨਹੀਂ ਲਿਜਾਂਦੇ ਉਹਨਾਂ ਨੂੰ ਹਟਾਇਆ ਜਾਵੇ ਤਾਂ ਜੋ ਸ਼ਹਿਰ ਦੀ ਸਫਾਈ ਚੰਗੀ ਤਰ੍ਹਾਂ ਕੀਤੀ ਜਾ ਸਕੇ ਅਤੇ ਆਵਾਜਾਈ ’ਚ ਕੋਈ ਵਿਘਨ ਨਾ ਪਵੇ।
ਇਸ ਦੌਰਾਨ ਮੰਗਤ ਕੁਮਾਰ, ਕਾਰਜ ਸਾਧਕ ਅਫਸਰ ਅਤੇ ਰਾਜ ਕੁਮਾਰ, ਸੈਨੀਟਰੀ ਇੰਸਪੈਕਟਰ ਵੀ ਮੌਜੂਦ ਸਨ।
