ਖਿਡਾਰੀਆਂ ਨੇ ਐਥਲੈਟਿਕਸ ਮੀਟ ’ਚ ਉਤਸ਼ਾਹ ਨਾਲ ਲਿਆ ਹਿੱਸਾ
ਬਟਾਲਾ-ਸੁਹੇਲ ਕਾਸਿਮ ਮੀਰ, ਐੱਸ. ਐੱਸ. ਪੀ. ਬਟਾਲਾ ਦੀ ਅਗਵਾਈ ਹੇਠ ਬਟਾਲਾ ਪੁਲਸ ਵੱਲੋਂ ਐਂਟੀ ਡਰੱਗ ਅਵੇਅਰਨੈੱਸ ਡੇਅ ਅਤੇ ਐਥਲੈਟਿਕਸ ਮੀਟ (2025) ਕਰਵਾਈ ਗਈ। ਐੱਸ. ਐੱਸ. ਪੀ. ਬਟਾਲਾ ਨੇ ਦੱਸਿਆ ਕਿ ਬਟਾਲਾ ਪੁਲਸ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਉਣ ਦੇ ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਖ-ਵੱਖ ਪੱਧਰ ’ਤੇ ਉਪਰਾਲੇ ਕੀਤੇ ਗਏ ਹਨ, ਜਿਸ ਦੇ ਚੱਲਦਿਆਂ ਬੇਰਿੰਗ ਕਾਲਜ ਬਟਾਲਾ ਵਿਖੇ ਐਥਲੈਟਿਕਸ ਮੀਟ-2025 ਕਰਵਾਈ ਗਈ ਹੈ, ਜਿਸ ’ਚ ਖਿਡਾਰੀਆਂ ਨੇ ਪੂਰੇ ਉਤਸ਼ਾਹ ਤੇ ਲਗਨ ਨਾਲ ਹਿੱਸਾ ਲਿਆ।
ਉਨ੍ਹਾਂ ਨੇ ਦੱਸਿਆ ਕਿ ਐਥਲੈਟਿਕਸ ਮੀਟ ਕਰਵਾਉਣ ਦਾ ਮੁੱਖ ਮੰਤਵ ਸਮਾਜਿਕ ਬੁਰਾਈ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਬਟਾਲਾ ਪੁਲਸ ਵੱਲੋਂ ਵੱਖ-ਵੱਖ ਪੱਧਰ ’ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਵਿੱਢੀ ਗਈ ਹੈ ਅਤੇ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਰਾਹੀਂ ਲੋਕਾਂ ਨੂੰ ਖਾਸ ਕਰ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਐਥਲੈਟਿਕਸ ਮੀਟ ’ਚ ਗੁਰੂ ਨਾਨਕ ਦੇਵ ਅਕੈਡਮੀ ਭੁੱਲਰ, ਬਟਾਲਾ, ਡੀ. ਏ. ਵੀ. ਸੈਨੇਟਰੀ ਸਕੂਲ ਸਮੇਤ ਵੱਖ-ਵੱਖ ਖਿਡਾਰੀਆਂ ਨੇ 100 ਮੀਟਰ ਤੇ 200 ਮੀਟਰ ਦੌੜਾਂ ’ਚ ਹਿੱਸਾ ਲਿਆ। ਇਸੇ ਤਰ੍ਹਾਂ ਵਾਲੀਬਾਲ ਦਾ ਮੁਕਾਬਲਾ ਬਟਾਲਾ ਕਲੱਬ ਅਤੇ ਭੁੱਲਰ ਦੀ ਟੀਮ ’ਚ ਵਿਚਕਾਰ ਹੋਇਆ, ਜਿਸ ’ਚ ਬਟਾਲਾ ਕਲੱਬ ਦੀ ਟੀਮ ਜੇਤੂ ਰਹੀ। ਰੱਸਾਕੱਸੀ ਦੇ ਮੁਕਾਬਲੇ ’ਚ ਬੀ. ਐੱਸ. ਐੱਫ. ਦੀ ਟੀਮ, ਦਫਤਰ ਡਿਪਟੀ ਕਮਿਸ਼ਨਰ ਦੀ ਟੀਮ ਅਤੇ ਪੰਜਾਬ ਪੁਲਸ ਦੀ ਟੀਮ ਨੇ ਹਿੱਸਾ ਲਿਆ, ਜਿਸ ’ਚ ਪੰਜਾਬ ਪੁਲਸ ਦੀ ਟੀਮ ਜੇਤੂ ਰਹੀ।
ਇਸ ਤੋਂ ਬਾਅਦ ਸਥਾਨਕ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ ਬਟਾਲਾ ਵਿਖੇ ਐਂਟੀ ਡਰੱਗ ਅਵੇਅਰਨੈੱਸ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਤਿੰਦਰ ਸਿੰਘ ਡੀ. ਆਈ. ਜੀ. ਬਾਰਡਰ ਰੇਂਜ, ਉਮਾ ਸ਼ੰਕਰ ਗੁਪਤਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਸਮੇਤ ਸ਼ਹਿਰ ਦੀਆਂ ਵੱਖ-ਵੱਖ ਸ਼ਖਸੀਅਤਾਂ, ਪਿੰਡਾਂ ਦੇ ਪੰਚਾਂ-ਸਰਪੰਚਾਂ ਨੇ ਸ਼ਿਰਕਤ ਕੀਤੀ ਅਤੇ ਐਥਲੈਟਿਕਸ ਮੀਟ-2025 ’ਚ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ।
