ਫੌਜ ਦੇ ਹੌਲਦਾਰ ਸਮੇਤ 3 ਗ੍ਰਿਫਤਾਰ
ਬਟਾਲਾ-ਕੁਝ ਦਿਨ ਪਹਿਲਾਂ ਏ. ਟੀ. ਐੱਮ. ਮਸ਼ੀਨ ਤੋੜ ਕੇ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਗਿਰੋਹ ਨੂੰ ਬਟਾਲਾ ਪੁਲਿਸ ਨੇ ਪਰਦਾਫਾਸ਼ ਕਰਦਿਆਂ ਇਕ ਫੌਜ ਦੇ ਹੌਲਦਾਰ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਸ ਲਾਈਨ ਬਟਾਲਾ ਵਿਖੇ ਐੱਸ. ਪੀ. ਡੀ. ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਐੱਸ. ਐੱਸ. ਪੀ. ਬਟਾਲਾ ਸੁਹੇਲ ਕਾਸਿਮ ਮੀਰ ਦੇ ਨਿਰਦੇਸਾਂ ਤਹਿਤ ਪੁਲਸ ਵੱਲੋਂ ਚੋਰਾਂ ਅਤੇ ਲੁਟੇਰਿਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 6 ਤਰੀਕ ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਥਾਣਾ ਸੇਖਵਾਂ ਅਧੀਨ ਪੈਂਦੇ ਪਿੰਡ ਅੱਡਾ ਡੇਹਰੀਵਾਲ ਦਰੋਗਾ ਵਿਚ ਸਥਿਤ ਐੱਸ. ਬੀ. ਆਈ . ਬੈਂਕ ਦੇ ਏ. ਟੀ. ਐੱਮ. ਦਾ ਸਟਰ ਗੈਸ ਕਟਰ ਦੀ ਮਦਦ ਨਾਲ ਤੋੜ ਕੇ ਏ. ਟੀ. ਐੱਮ. ਮਸ਼ੀਨ ’ਚੋਂ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਇਸ ਵਾਰਦਾਤ ਨੂੰ ਅੰਜਾਮ ਦੇਣ ਵਿਚ ਅਸਫਲ ਰਹੇ ਸਨ।
ਇਸ ਸਬੰਧੀ ਕਾਰਵਾਈ ਕਰਦਿਆਂ ਥਾਣਾ ਸੇਖਵਾਂ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਮਾਮਲੇ ਦੀ ਜਾਂਚ ਲਈ ਪੁਲਸ ਨੇ 4 ਦਿਨਾਂ ’ਚ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਇਸ ਵਾਰਦਾਤ ’ਚ ਸ਼ਾਮਲ ਹੀਰਾ ਮਸੀਹ ਪੁੱਤਰ ਜੁਰਾ ਮਸੀਹ, ਗੋਲਡੀ ਮਸੀਹ ਪੁੱਤਰ ਰੂਪ ਲਾਲ ਵਾਸੀਆਨ ਸੋਰੀਆ ਬਾਂਗਰ ਅਤੇ ਹੌਲਦਾਰ ਪ੍ਰਵੀਨ ਕੁਮਾਰ ਪੁੱਤਰ ਸੂਬਕਰਮ ਵਾਸੀ ਗਰੋਟਾ ਜ਼ਿਲਾ ਹਰਿਆਣਾ ਨੂੰ ਨਾਮਜ਼ਦ ਕਰ ਕੇ ਹੀਰਾ ਮਸੀਹ ਅਤੇ ਗੋਲਡੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਤਿੰਨਾਂ ਨੇ ਮਿਲ ਕੇ ਮਿਤੀ 6 ਜਨਵਰੀ ਨੂੰ ਅੱਡਾ ਡੇਹਰੀਵਾਲ ਦਰੋਗਾ ’ਤੇ ਐੱਸ. ਬੀ. ਆਈ. ਬੈਂਕ ਦੇ ਏ. ਟੀ. ਐੱਮ. ਅਤੇ ਮਿਤੀ 7-8 ਦੀ ਦਰਮਿਆਨੀ ਰਾਤ ਨੂੰ ਭਟੋਆ ਅੱਡੇ ’ਤੇ ਪੀ. ਐੱਨ. ਬੀ. ਬੈਂਕ ਦੇ ਏ. ਟੀ. ਐੱਮ. ਨੂੰ ਤੋੜ ਕੇ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਐੱਸ. ਪੀ. ਸਹੋਤਾ ਨੇ ਦੱਸਿਆ ਕਿ ਹੌਲਦਾਰ ਪ੍ਰਵੀਨ ਕੁਮਾਰ, ਜੋ ਕਿ ਤਿੱਬੜੀ ਕੈਂਟ ਗੁਰਦਾਸਪੁਰ ਵਿਚ ਆਰਮੀ ’ਚ ਨੌਕਰੀ ਕਰਦਾ ਹੈ ਅਤੇ ਹੀਰਾ ਮਸੀਹ ਉਕਤ ਤਿਬੜੀ ਕੈਂਟ ’ਚ ਪ੍ਰਾਈਵੇਟ ਤੌਰ ’ਤੇ ਕੰਮ ਕਰਦਾ ਹੈ, ਜਿਸਨੂੰ ਕੈਂਟ ’ਚ ਕੰਮ ਕਰਨ ਲਈ ਆਰਮੀ ਵੱਲੋਂ ਗੇਟ ਪਾਸ ਵੀ ਜਾਰੀ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਹੌਲਦਾਰ ਪ੍ਰਵੀਨ ਕੁਮਾਰ ਦੀ ਗ੍ਰਿਫਤਾਰੀ ਲਈ ਤਿੱਬੜੀ ਕੈਂਟ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪ੍ਰਵੀਨ ਕੁਮਾਰ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਪੁਲਸ ਨੇ ਉਕਤ ਮੁਲਜ਼ਮਾਂ ਤੋਂ ਵਾਰਦਾਤ ਸਮੇਂ ਵਰਤਿਆ ਗੈਸ ਸਿਲੰਡਰ, ਕਟਰ ਅਤੇ ਇਕ ਮੋਟਰਸਾਈਕਲ ਬਰਾਮਦ ਵੀ ਕੀਤਾ ਹੈ।
