ਜ਼ਮੀਨ ਖਿਸਕਣ ਕਾਰਨ ਮਾਨਾ ਖੇਤਰ ਵਿਚ 50 ਤੋਂ ਵੱਧ ਮਜ਼ਦੂਰ ਫਸੇ, ਬਚਾਅ ਕਾਰਜ ਜਾਰੀ

ਦੇਹਰਾਦੂਨ : ਉਤਰਾਖੰਡ ਦੇ ਚਮੋਲੀ ਤੋਂ ਬਦਰੀਨਾਥ ਧਾਮ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮਾਨਾ ਪਿੰਡ ਨੇੜੇ ਗਲੇਸ਼ੀਅਰ ਡਿੱਗਣ ਕਾਰਨ 57 ਮਜ਼ਦੂਰ ਦੱਬੇ ਗਏ ਹਨ, ਜਦਕਿ 10 ਮਜ਼ਦੂਰਾਂ ਨੂੰ ਬਚਾਇਆ ਗਿਆ। ਹਾਲਾਂਕਿ ਅਜੇ 47 ਮਜ਼ਦੂਰਾਂ ਦੀ ਭਾਲ ਜਾਰੀ, ਇਹ ਸਾਰੇ ਮਜ਼ਦੂਰ ਬੀ. ਆਰ. ਓ. ਠੇਕੇਦਾਰ ਦੇ ਕੰਮ ਵਿਚ ਲੱਗੇ ਠੇਕੇਦਾਰ ਦੱਸੇ ਜਾਂਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਚਮੋਲੀ ਦੇ ਉਪਰਲੇ ਇਲਾਕਿਆਂ ’ਚ ਕਈ ਦਿਨਾਂ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ। ਬਦਰੀਨਾਥ ਮੰਦਰ ਤੋਂ ਤਿੰਨ ਕਿਲੋਮੀਟਰ ਦੂਰ ਹਾਈਵੇਅ ਨੇੜੇ ਬਰਫ਼ ਖਿਸਕ ਗਈ। ਇਸ ਵਿਚ 57 ਮਜ਼ਦੂਰ ਫਸੇ ਹੋਣ ਦੀ ਸੂਚਨਾ ਹੈ, ਜਿਨ੍ਹਾਂ ’ਚੋਂ 10 ਨੂੰ ਬਚਾਅ ਲਿਆ ਗਿਆ ਹੈ। ਉਤਰਾਖੰਡ ਦਾ ਮਾਨਾ ਪਿੰਡ ਭਾਰਤ ਅਤੇ ਚੀਨ ਦੀ ਸਰਹੱਦ ’ਤੇ ਹੈ। ਇਥੇ ਫੌਜ ਦਾ ਬੇਸ ਕੈਂਪ ਹੈ। ਇਸ ਲਈ ਫੌਜ ਸਭ ਤੋਂ ਪਹਿਲਾਂ ਬਚਾਅ ਕੰਮ ’ਚ ਲੱਗੀ ਹੋਈ ਹੈ। ਐੱਨ. ਡੀ. ਆਰ. ਐੱਫ ਅਤੇ ਐੱਸ. ਡੀ. ਆਰ. ਐੱਫ. ਦੀਆਂ ਟੀਮਾਂ ਭੇਜੀਆਂ ਗਈਆਂ ਹਨ। ਬੀ. ਆਰ. ਓ. ਦੀਆਂ ਟੀਮਾਂ ਨੇ ਵੀ ਬਰਫ਼ਬਾਰੀ ਨੂੰ ਲੈ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।
ਖਰਾਬ ਮੌਸਮ ਕਾਰਨ ਇਥੇ ਲਗਾਤਾਰ ਬਰਫਬਾਰੀ ਅਤੇ ਬਾਰਿਸ਼ ਹੋ ਰਹੀ ਹੈ। ਕੰਟਰੋਲ ਰੂਮ ਸਥਾਪਿਤ ਕਰ ਕੇ ਦੇਹਰਾਦੂਨ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਪਰ ਫਿਲਹਾਲ ਅਧਿਕਾਰੀ ਜ਼ਿਆਦਾ ਕੁਝ ਕਹਿਣ ਦੀ ਸਥਿਤੀ ਵਿਚ ਨਹੀਂ ਹਨ। ਡਿਜ਼ਾਸਟਰ ਕੰਟਰੋਲ ਰੂਮ ਦਾ ਕਹਿਣਾ ਹੈ ਕਿ ਆਈ. ਟੀ. ਬੀ. ਪੀ. ਦੀਆਂ ਤਕਨੀਕੀ ਟੀਮਾਂ ਨੂੰ ਉੱਥੇ ਭੇਜਿਆ ਗਿਆ ਹੈ। ਹੈਲੀਕਾਪਟਰ ਨੂੰ ਵੀ ਐਮਰਜੈਂਸੀ ਮੋਡ ਵਿਚ ਰੱਖਿਆ ਗਿਆ ਹੈ।
ਚਮੋਲੀ ਜ਼ਿਲ੍ਹੇ ਵਿਚ ਬਾਰਿਸ਼ ਅਤੇ ਬਰਫ਼ਬਾਰੀ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਸੰਦੀਪ ਤਿਵਾਰੀ ਨੇ ਆਈ. ਆਰ. ਐੱਸ. ਨਾਲ ਜੁੜੇ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਵਿਘਨ ਵਾਲੀਆਂ ਸੜਕਾਂ ’ਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਖਰਾਬ ਹੋਈਆਂ ਬਿਜਲੀ ਲਾਈਨਾਂ ਦੀ ਮੁਰੰਮਤ ਕਰਕੇ ਬਿਜਲੀ ਸਪਲਾਈ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
