ਕਰੀਬ 6 ਮਹੀਨਿਆਂ ’ਚ ਬਣ ਕੇ ਤਿਆਰ ਹੋ ਜਾਵੇਗੀ ਇਮਾਰਤ
ਮਾਲੇਰਕੋਟਲਾ- ਪੰਜਾਬ ਵਕਫ ਬੋਰਡ ਵੱਲੋਂ ਸਥਾਨਕ ਵੱਡੀ ਈਦਗਾਹ ’ਚ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਈਦਗਾਹ ਪਬਲਿਕ ਸਕੂਲ ਦਾ ਨੀਂਹ-ਪੱਥਰ ਅੱਜ ਮਾਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਅਤੇ ਪੰਜਾਬ ਵਕਫ ਬੋਰਡ ਦੇ ਪ੍ਰਸ਼ਾਸਕ ਸ਼ੌਕਤ ਅਹਿਮਦ ਪਾਰੇ ਵੱਲੋਂ ਰੱਖਿਆ ਗਿਆ।
ਇਸ ਦੌਰਾਨ ਪੰਜਾਬ ਵਕਫ ਬੋਰਡ ਦੇ ਸੀ. ਈ. ਓ. ਲਤੀਫ ਅਹਿਮਦ ਥਿੰਦ ਸਮੇਤ ਈਦਗਾਹ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੈਂਬਰ ਅਤੇ ਸ਼ਹਿਰ ਦੇ ਨਾਮਵਰ ਪਤਵੰਤੇ ਵੀ ਹਾਜ਼ਰ ਸਨ।
ਸਭ ਤੋਂ ਪਹਿਲਾਂ ਈਦਗਾਹ ਕਮੇਟੀ ਦੇ ਪ੍ਰਧਾਨ ਮੁਹੰਮਦ ਨਜ਼ੀਰ ਕੌਂਸਲਰ ਨੇ ਆਪਣੇ ਸਾਥੀ ਮੈਂਬਰਾਂ ਦੇ ਨਾਲ ਵਿਧਾਇਕ ਡਾ. ਰਹਿਮਾਨ, ਵਕਫ ਬੋਰਡ ਦੇ ਪ੍ਰਸ਼ਾਸਕ ਸ਼ੌਕਤ ਅਹਿਮਦ ਪਾਰੇ ਅਤੇ ਸੀ. ਈ. ਓ. ਲਤੀਫ ਅਹਿਮਦ ਥਿੰਦ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕਰਦਿਆਂ ਇਸ ਖੇਤਰ ਦੀ ਤਰੱਕੀ ਲਈ ਇਹ ਸਕੂਲ ਦੀ ਉਸਾਰੀ ਕਰਨ ਦਾ ਸਵਾਗਤ ਕਰਦਿਆਂ ਵਕਫ ਬੋਰਡ ਦਾ ਧੰਨਵਾਦ ਕੀਤਾ।
ਵਿਧਾਇਕ ਡਾ. ਰਹਿਮਾਨ ਨੇ ਕਿਹਾ ਕਿ ਅੱਜ ਪੰਜਾਬ ਵਕਫ ਬੋਰਡ ਨੇ ਇਸ ਖੇਤਰ ਦੇ ਲੋਕਾਂ ਦੀ ਉਕਤ ਮੰਦ ਨੂੰ ਪੂਰਾ ਕਰਨ ਦਾ ਮੁੱਢ ਬੰਨ੍ਹ ਦਿੱਤਾ ਹੈ। ਇਹ ਸਕੂਲ ਸਿੱਖਿਆ ਲਈ ਇਕ ਆਧੁਨਿਕ ਮਾਹੌਲ ਪ੍ਰਦਾਨ ਕਰੇਗਾ, ਜਿੱਥੇ ਵਿਦਿਆਰਥੀ ਆਪਣੇ ਕੌਸ਼ਲ ਅਤੇ ਸਮਰੱਥਾ ਨੂੰ ਵਿਕਸਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਅਤਿ ਆਧੁਨਿਕ ਸਹੂਲਤਾਵਾਂ ਨਾਲ ਲੈੱਸ ਇਸ ਸਕੂਲ ਦੀ ਪੂਰੀ ਇਮਾਰਤ ਨੂੰ ਪੀਲਰਾਂ ਦੇ ਉੱਪਰ ਉਸਾਰਿਆ ਜਾਵੇਗਾ ਤਾਂ ਜੋ ਈਦ ਮੌਕੇ ਨਮਾਜ਼ ਅਦਾ ਕਰਨ ਜਾਂ ਕਿਸੇ ਹੋਰ ਸਮਾਗਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਾ ਆਵੇ।
ਉਨ੍ਹਾਂ ਕਿਹਾ ਕਿ ਇਲਾਕੇ ਅੰਦਰ ਸਿੱਖਿਆ ਦੇ ਖੇਤਰ ’ਚ ਇਕ ਮੀਲ ਪੱਥਰ ਸਾਬਿਤ ਹੋਣ ਵਾਲੇ ਇਸ ਸਕੂਲ ਦੀ ਇਮਾਰਤ ਕਰੀਬ 6 ਮਹੀਨਿਆਂ ’ਚ ਬਣ ਕੇ ਤਿਆਰ ਹੋ ਜਾਵੇਗੀ। ਇਸ ਸਕੂਲ ਅੰਦਰ ਸਿੱਖਿਆ ਦੇ ਮਿਆਰ ਨੂੰ ਸਮੇਂ ਦੇ ਮੁਤਾਬਕ ਹੋਰ ਉੱਚਾ ਚੁੱਕਣ ਲਈ ਸਮੇਂ-ਸਮੇਂ ’ਤੇ ਲੋੜ ਮੁਤਾਬਕ ਵਾਧਾ ਵੀ ਕੀਤਾ ਜਾਵੇਗਾ।
ਪੰਜਾਬ ਵਕਫ ਬੋਰਡ ਦੇ ਪ੍ਰਸ਼ਾਸਕ ਕਮ ਡਿਪਟੀ ਕਮਿਸ਼ਨਰ ਬਠਿੰਡਾ ਜਨਾਬ ਸ਼ੌਕਤ ਅਹਿਮਦ ਪਾਰੇ ਨੇ ਕਿਹਾ ਕਿ ਸਿੱਖਿਆ ਨੂੰ ਹਰ ਵਿਦਿਆਰਥੀ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਅਤਿ ਆਧੁਨਿਕ ਸਹੂਲਤਾਵਾਂ ਵਾਲਾ ਉਸਾਰਿਆ ਜਾ ਰਿਹਾ ਇਹ ਸਕੂਲ ਤਕਨਾਲੋਜੀ ਅਤੇ ਨਵੀਨਤਾਕਾਰੀ ਅਧਿਆਪਨ ਵਿਧੀਆਂ ਨਾਲ ਲੈਸ ਇਕ ਵਿਆਪਕ ਮਾਹੌਲ ਦੀ ਪੇਸ਼ਕਸ਼ ਕਰੇਗਾ।
ਬੋਰਡ ਦੇ ਸਕੂਲਾਂ ’ਚ ਪ੍ਰਿੰਸੀਪਲ ਦੀਆਂ ਖਾਲੀ ਪੋਸਟਾਂ ਸਬੰਧੀ ਪੁੱਛਣ ’ਤੇ ਜਨਾਬ ਸ਼ੌਕਤ ਪਾਰੇ ਨੇ ਕਿਹਾ ਕਿ ਪ੍ਰਿੰਸੀਪਲ ਦੀ ਪੋਸਟ ਲਈ ਬੋਰਡ ਵੱਲੋਂ ਤਿੰਨ-ਚਾਰ ਵਾਰ ਤਨਖਾਹ ਵਧਾ ਕੇ ਅਖਬਾਰਾਂ ’ਚ ਇਸ਼ਤਿਹਾਰ ਦਿੱਤੇ ਗਏ ਹਨ ਪਰ ਹਾਲੇ ਤੱਕ ਸਾਡੇ ਕੋਲ ਉਸ ਪੱਧਰ ਦੇ ਉੱਚ ਵਿੱਦਿਆ ਹਾਸਲ ਤਜਰਬੇ ਵਾਲੇ ਕਿਸੇ ਉਮੀਦਵਾਰ ਦੀ ਦਰਖਾਸਤ ਨਹੀਂ ਆਈ, ਜਿਸਦਾ ਪਿਛੋਕੜ ਸਕੂਲ ਨੂੰ ਪੂਰੀ ਤਰ੍ਹਾਂ ਵਧੀਆ ਤਰੀਕੇ ਨਾਲ ਮੈਨੇਜ ਕਰਨ ਵਾਲਾ ਹੋਵੇ। ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਜਲਦੀ ਹੀ ਤਨਖਾਹ ਵਧਾ ਕੇ ਦੁਬਾਰਾ ਪ੍ਰਿੰਸੀਪਲ ਦੀ ਪੋਸਟ ਲਈ ਇਸ਼ਤਿਹਾਰ ਦਿੱਤਾ ਜਾਵੇਗਾ।
ਇਸ ਮੌਕੇ ਪ੍ਰਿੰਸੀਪਲ ਇਲਿਆਸ ਅਨਸਾਰੀ, ਪ੍ਰਿੰਸੀਪਲ ਰਾਹਿਲਾ ਖਾਂ, ਪ੍ਰਿੰਸੀਪਲ ਸ਼ਬਾ ਸ਼ਾਹੀਨ, ਪੀ.ਏ. ਮੁਹੰਮਦ ਮੋਮਿਨ, ਏ.ਈ. ਮੁਹੰਮਦ ਅਨਵਰ, ਅਲੀ ਇਕਬਾਲ ਸੀਨੀਅਰ ਅਸਿਸਟੈਂਟ ਪੰਜਾਬ ਵਕਫ ਬੋਰਡ, ਸੂਫੀ ਮੁਹੰਮਦ ਹਾਸਿਮ ਮੈਂਬਰ ਵਕਫ ਬੋਰਡ, ਪ੍ਰਧਾਨ ਮੁਹੰਮਦ ਅਸ਼ਰਫ ਅਬਦੁੱਲਾ ਸਮੇਤ ਵੱਡੀ ਈਦਗਾਹ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਅਤੇ ਹੋਰ ਹਾਜ਼ਰ ਸਨ।