2 ਲੋਕਾਂ ਦੀ ਮੌਤ, 11 ਗੰਭੀਰ ਜ਼ਖਮੀ
ਜਲੰਧਰ : ਅੱਜ ਸਵੇਰੇ ਜਲੰਧਰ ਦੇ ਭੋਗਪੁਰ ਸ਼ਹਿਰ ਦੇ ਕਾਲਾ ਬਕਰਾ ਇਲਾਕੇ ਵਿਚ ਹਾਦਸਾ ਵਾਪਰਿਆ। ਜੰਮੂ ਜਾ ਰਹੇ ਯਾਤਰੀਆਂ ਨਾਲ ਭਰੀ ਬੱਸ ਇੱਟਾਂ ਨਾਲ ਲੱਦੀ ਟਰੈਕਟਰ-ਟਰਾਲੀ ਨਾਲ ਟਕਰਾ ਗਈ, ਜਿਸ ਵਿਚ 2 ਲੋਕਾਂ ਦੀ ਮੌਤ ਅਤੇ 11 ਲੋਕ ਗੰਭੀਰ ਜ਼ਖਮੀ ਹੋ ਗਏ। ਸਾਰਿਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਅਤੇ ਹੋਰ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।
ਮ੍ਰਿਤਕਾਂ ਵਿਚੋਂ ਇਕ ਦੀ ਪਛਾਣ ਬੱਸ ਡਰਾਈਵਰ ਸੁਖਵੰਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਰਿਆਸੀ, ਜੰਮੂ-ਕਸ਼ਮੀਰ ਅਤੇ ਯਾਤਰੀ ਕੁਲਦੀਪ ਸਿੰਘ ਵਾਸੀ ਉੱਤਮ ਨਗਰ, ਦਿੱਲੀ ਵਜੋਂ ਹੋਈ ਹੈ। ਇਸ ਦੌਰਾਨ 6 ਜ਼ਖਮੀਆਂ ਦਾ ਇਲਾਜ ਜਲੰਧਰ ਦੇ ਜੌਹਲ ਹਸਪਤਾਲ ਵਿਚ ਚੱਲ ਰਿਹਾ ਹੈ।
ਘਟਨਾ ਸਮੇਂ ਬੱਸ ਸੁਰਜੀਤ ਸਿੰਘ ਦਾ ਪੁੱਤਰ ਸਤਵਿੰਦਰ ਸਿੰਘ ਚਲਾ ਰਿਹਾ ਸੀ, ਉਹ ਜੰਮੂ-ਕਸ਼ਮੀਰ ਦੇ ਰਿਆਸੀ ਇਲਾਕੇ ਦਾ ਰਹਿਣ ਵਾਲਾ ਸੀ। ਗੁਰਬਦਨ ਸਿੰਘ, ਸੁਨੀਲ ਪੁੱਤਰ ਸੁਰੇਸ਼ ਅਤੇ ਹੋਰ ਉੱਤਮ ਨਗਰ, ਦਿੱਲੀ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਹਾਦਸੇ ਦਾ ਸ਼ਿਕਾਰ ਹੋਈ ਬੱਸ ਅਸ਼ੋਕ ਬੱਸ ਸਰਵਿਸ ਦੀ ਸੀ, ਜਿਸ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।
ਜਾਣਕਾਰੀ ਮੁਤਾਬਕ ਸੜਕ ਸੁਰੱਖਿਆ ਬਲ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਕੰਮ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪਹਿਲਾਂ ਇਲਾਕੇ ਦੇ ਭੋਗਪੁਰ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ, ਨਾਲ ਹੀ ਆਸ ਪਾਸ ਦੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ।
ਸਿਵਲ ਹਸਪਤਾਲ ਜਲੰਧਰ ਵਿਚ ਪੋਸਟਮਾਰਟਮ ਲਈ ਲਾਸ਼ਾਂ ਭੇਜ ਦਿੱਤਾ ਹੈ। ਜਾਂਚ ਤੋਂ ਬਾਅਦ ਪੁਲਿਸ ਮਾਮਲੇ ਵਿਚ ਢੁਕਵੀਂ ਕਾਰਵਾਈ ਕਰੇਗੀ। ਪੁਲਿਸ ਨੇ ਜ਼ਖਮੀਆਂ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮਾਮਲੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
