ਜ਼ਖਮੀ ਸਣੇ ਚਾਰ ਕਾਬੂ
ਗੜ੍ਹਸ਼ੰਕਰ – ਅੱਜ ਸ਼ਾਮ ਕਰੀਬ ਚਾਰ ਵਜੇ ਹੁਸ਼ਿਆਰਪੁਰ-ਚੰਡੀਗੜ੍ਹ ਰੋਡ ’ਤੇ ਪਿੰਡ ਟੂਟੋ ਮਜਾਰਾ ਦੇ ਨਜ਼ਦੀਕ ਐਕਸ.ਯੂ.ਵੀ. ਕਾਰ ਸਵਾਰ ਨੌਜਵਾਨਾਂ ਅਤੇ ਇੰਟੈਲੀਜੈਂਸੀ ਟੀਮ ਦਰਮਿਆਨ ਹੋਈ ਗੋਲਾਬਾਰੀ ’ਚ ਇਕ ਨੌਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਮਾਹਿਲਪਰ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਐਕਸ. ਯੂ. ਵੀ. ਕਾਰ ਵਿਚ ਸਵਾਰ ਇਕ ਜ਼ਖਮੀ ਸਣੇ ਚਾਰ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਵੱਲ ਤੋਂ ਆ ਰਹੀ ਐਕਸ. ਯੂ. ਵੀ. ਕਾਰ ਨੰਬਰ ਪੀ.ਬੀ. 10 ਐੱਚ. ਯੂ. 8453, ਜਿਸ ਦਾ ਪਿੱਛਾ ਇੰਟੈਲੀਜੈਂਸ ਵਿਭਾਗ ਦੀ ਟੀਮ ਕਰ ਰਹੀ ਸੀ। ਜਦੋਂ ਇਸ ਗੱਡੀ ਨੂੰ ਪੁਲਸ ਵੱਲੋਂ ਰੋਕਿਆ ਗਿਆ ਤਾਂ ਗੱਡੀ ’ਚ ਬੈਠੇ ਨੌਜਵਾਨਾਂ ਨੇ ਪੁਲਸ ’ਤੇ ਗੋਲੀ ਚਲਾ ਦਿੱਤੀ ਅਤੇ ਗੱਡੀ ਭਜਾ ਲਈ।
ਪੁਲਸ ਟੀਮ ਵੱਲੋਂ ਚਲਾਈ ਜਵਾਬੀ ਗੋਲੀ ਨਾਲ ਗੱਡੀ ਦੇ ਟਾਇਰ ਪੈਂਚਰ ਹੋ ਗਏ ਤੇ ਨੌਜਵਾਨ ਗੱਡੀ ਟੂਟੋਮਜਾਰਾ ਅੱਡੇ ’ਤੇ ਛੱਡ ਕੇ ਪਿੰਡ ਵਿਚ ਜਾ ਵੜੇ। ਘਟਨਾ ਦੀ ਸੂਚਨਾ ਮਿਲਣ ’ਤੇ ਐੱਸ.ਪੀ.ਡੀ. ਹੁਸ਼ਿਆਰਪੁਰ ਸਰਬਜੀਤ ਸਿੰਘ ਬਾਹੀਆ ਅਤੇ ਹੋਰ ਪੁਲਸ ਅਧਿਕਾਰੀ ਮੌਕੇ ’ਤੇ ਪੁੱਜ ਗਏ।
ਸੂਤਰਾਂ ਨੇ ਦੱਸਿਆ ਕਿ ਇਸ ਗੱਡੀ ਵਿਚ ਸਵਾਰ ਚਾਰੇ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਹੈ। ਇਕ ਨੌਜਵਾਨ ਜਿਸ ਦੇ ਕੰਨ ’ਚੋਂ ਖੂਨ ਵਗ ਰਿਹਾ ਸੀ, ਉਸਨੂੰ ਇਲਾਜ ਲਈ ਸਿਵਲ ਹਸਪਤਾਲ ਮਾਹਿਲਪਰ ਵਿਖੇ ਦਾਖਲ ਕਰਵਾਇਆ ਗਿਆ ਹੈ।
ਇਸ ਮਾਮਲੇ ’ਤੇ ਪੁਲਸ ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਜਲਦੀ ਹੀ ਪ੍ਰੈੱਸ ਨੋਟ ਜਾਰੀ ਕਰ ਕੇ ਜਾਣਕਾਰੀ ਦਿੱਤੀ ਜਾਵੇਗੀ।
