Punjab Window
ਧਾਰੀਵਾਲ-ਜਿਲਾ ਗੁਰਦਾਸਪੁਰ ਦੇ ਸ਼ਹਿਰ ਧਾਰੀਵਾਲ ਦੇ ਰੇਲਵੇ ਸਟੇਸ਼ਨ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਵਿਅਕਤੀ ਨੇ ਆਪਣੀਆਂ ਮੰਗਾਂ ਨੂੰ ਲੈ ਕੇ 50 ਤੋਂ 60 ਫੁੱਟ ਉੱਚੇ ਟਾਵਰ ’ਤੇ ਚੜ੍ਹ ਕੇ ਇਨਸਾਫ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।
ਅਸ਼ਵਨੀ ਕੁਮਾਰ ਪੁੱਤਰ ਨਸੀਬ ਚੰਦ ਵਾਸੀ ਧਾਰੀਵਾਲ ਨੇ ਅੱਜ ਸਵੇਰੇ ਕਰੀਬ 7 ਵਜੇ ਰੇਲਵੇ ਸਟੇਸ਼ਨ ਧਾਰੀਵਾਲ ਨੇੜੇ ਟਾਵਰ ’ਤੇ ਚੜ੍ਹ ਕੇ ਕੁਝ ਪੁਲਸ ਅਧਿਕਾਰੀਆਂ ਤੇ ਕੁਝ ਹੋਰ ਵਿਅਕਤੀਆਂ ’ਤੇ ਕਥਿਤ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਉਸਨੂੰ ਇਨਸਾਫ ਲੈਣ ਲਈ ਪਿਛਲੇ 2 ਸਾਲਾਂ ਤੋਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕਿਸੇ ਵੀ ਅਧਿਕਾਰੀ ਨੇ ਉਸਨੂੰ ਇਨਸਾਫ ਨਹੀਂ ਦਿੱਤਾ, ਜਿਸ ਕਾਰਨ ਉਸ ਵੱਲੋਂ ਦੁਖੀ ਹੋ ਕੇ ਇਹ ਕਦਮ ਚੁੱਕਿਆ ਗਿਆ ਹੈ।
ਇਸ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਨਾਇਬ ਤਹਿਸੀਲਦਾਰ ਧਾਰੀਵਾਲ ਲਖਵਿੰਦਰ ਸਿੰਘ, ਥਾਣਾ ਧਾਰੀਵਾਲ ਦੇ ਐੱਸ. ਐੱਚ. ਓ. ਬਲਜੀਤ ਕੌਰ, ਜੀ. ਆਰ. ਪੀ. ਸਰਕਲ ਪਠਾਨਕੋਟ ਦੇ ਐੱਸ. ਐੱਚ. ਓ. ਭੁਪਿੰਦਰ ਸਿੰਘ ਅਤੇ ਹੋਰ ਅਧਿਕਾਰੀ ਅਤੇ ਗੁਰਦਾਸਪੁਰ ਤੋਂ ਫਾਇਰ ਬ੍ਰਿਗੇਡ ਵਿਭਾਗ ਦੀ ਗੱਡੀ ਅਤੇ ਅਧਿਕਾਰੀ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਅਸ਼ਵਨੀ ਕੁਮਾਰ ਨੂੰ ਸਾਂਤ ਕੀਤਾ ਅਤੇ ਕਰੀਬ 6 ਘੰਟੇ ਬਾਅਦ ਟਾਵਰ ਤੋਂ ਹੇਠਾਂ ਲਿਆਂਦਾ, ਜਿਸ ਤੋਂ ਬਾਅਦ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਅਤੇ ਜੀ. ਆਰ. ਪੀ. ਅਧਿਕਾਰੀ ਅਗਲੇਰੀ ਕਾਰਵਾਈ ਲਈ ਅਸਵਨੀ ਕੁਮਾਰ ਨੂੰ ਆਪਣੇ ਨਾਲ ਲੈ ਗਏ।