5 ਸਾਲ ਤੋਂ ਘੱਟ ਉਮਰ ਦੇ ਬੱਚੇ ਹੋ ਰਹੇ ਫਲੂ ਦਾ ਵਧੇਰੇ ਸ਼ਿਕਾਰ
ਰੋਮ : ਇਟਲੀ ਸਰਕਾਰ ਦਾ ਸਿਹਤ ਸੇਵਾਵਾਂ ਨੂੰ ਲੈਕੇ ਪ੍ਰਬੰਧ ਚਾਹੇ ਲੱਖ ਵਧੀਆ ਤੇ ਆਧੁਨਿਕ ਹਨ ਪਰ ਇਸ ਦੇ ਬਾਵਜੂਦ ਇਟਲੀ ਦੇ ਬਾਸਿੰਦਿਆਂ ਨੂੰ ਬਹੁਤ ਜਲਦ ਅਜਿਹੀਆਂ ਬੀਮਾਰੀਆਂ ਆ ਦਬੋਚਦੀਆਂ ਹਨ, ਜਿਹੜੀਆਂ ਕਿ ਲਾਗ ਜਾਂ ਛੂਤ ਦੀਆਂ ਬਿਮਾਰੀਆਂ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਦਿਨਾਂ ਵਿਚ ਇਟਲੀ ਦੇ 10 ਲੱਖ ਤੋਂ ਵੱਧ ਬਾਸਿੰਦੇ ਮੌਸਮੀ ਫਲੂ ਦੇ ਕਾਰਨ ਮੰਜਿਆਂ ਉੱਪਰ ਪੈਣ ਲਈ ਮਜ਼ਬੂਰ ਹਨ। ਇਹ ਫਲੂ ਜਿਸ ’ਚ ਪ੍ਰਭਾਵਿਤ ਮਰੀਜ਼ ਨੂੰ ਖੰਗ, ਰੇਸ਼ਾ, ਤੇਜ ਬੁਖਾਰ, ਮਾਸਪੇਸ਼ੀਆਂ ਤੇ ਜੋੜਾਂ ’ਚ ਦਰਦ, ਸਿਰ ਦਰਦ ਅਤੇ ਬੇਚੈਨੀ ਵਰਗੇ ਲੱਛਣ ਪ੍ਰੇਸ਼ਾਨ ਕਰਦੇ ਹਨ। ਫਲੂ ਦੀ ਲਾਗ ਵਿੱਚ ਆਉਣ ਤੋਂ 1-2 ਦਿਨ ਬਾਅਦ ਵਿਚ ਜ਼ਾਹਿਰ ਹੁੰਦੇ ਹਨ।
10 ਲੱਖ ਤੋਂ ਵੱਧ ਲੋਕਾਂ ਦਾ ਫਲੂ ਕਾਰਨ ਜਨ-ਜੀਵਨ ਪ੍ਰਭਾਵਿਤ
ਇਟਲੀ ਦੀ ਰਾਸ਼ਟਰੀ ਸਿਹਤ ਸੰਸਥਾ (ਆਈ. ਐੱਸ. ਐੱਸ.) ਨੇ 10 ਲੱਖ ਤੋਂ ਵੱਧ ਪ੍ਰਭਾਵਿਤ ਮਰੀਜ਼ਾਂ ਦਾ ਖੁਲਾਸਾ ਕਰਦਿਆਂ ਕਿਹਾ ਇਨ੍ਹਾਂ ’ਚ ਵਧੇਰੇ 5 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ। 20 ਤੋਂ 26 ਜਨਵਰੀ 2025 ਦੇ ਵਿਚਕਾਰ ਫਲੂ ਦੇ ਪ੍ਰਭਾਵ ਵਾਲੇ ਹਜ਼ਾਰਾਂ ਮਰੀਜ਼ ਦਰਜ ਕੀਤੇ ਗਏ ਸਨ। ਇਸ ਵੇਲੇ ਇਟਲੀ ਦੇ ਮੌਸਮੀ ਫਲੂ ਦੇ ਕਾਰਨ ਜਿਹੜੇ ਸੂਬੇ ਸਭ ਤੋਂ ਵੱਧ ਪ੍ਰਭਾਵਿਤ ਹਨ, ਉਨ੍ਹਾਂ ’ਚ ਲੰਬਾਰਦੀਆਂ, ਇਮਿਲੀਆ ਰੋਮਾਨਾ, ਟੁਸਕਾਨਾ, ਸਰਦੇਨੀਆਂ, ਫਰੀਓਲੀ, ਵਨੇਸੀਆ, ਜਿਓਲੀਆ, ਓਮਬਰੀਆ, ਅਬਰੂਸੋ ਅਤੇ ਪੂਲੀਆ ਆਦਿ ਹਨ, ਜਿਥੇ ਕਿ ਫਲੂ ਕਾਰਨ ਲੋਕਾਂ ਦਾ ਜਨ-ਜੀਵਨ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਿਹਾ ਹੈ।
ਲੋਕਾਂ ਨੂੰ ਮਾਸਕ ਲਗਾ ਕੇ ਜਨਤਕ ਥਾਵਾਂ ਉੱਪਰ ਜਾਣ ਦੀ ਸਲਾਹ
ਇਟਲੀ ਦੀ ਰਾਸ਼ਟਰੀ ਸਿਹਤ ਸੰਸਥਾ ਨੇ ਲੋਕਾਂ ਨੂੰ ਜਿਥੇ ਮਾਸਕ ਲਗਾ ਕੇ ਜਨਤਕ ਥਾਵਾਂ ਉੱਪਰ ਜਾਣ ਦੀ ਸਲਾਹ ਦਿੱਤੀ ਹੈ, ਉੱਥੇ ਬਜ਼ੁਰਗਾਂ, ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਫਲੂ ਟੀਕਾਕਰਨ ਦੀ ਵੀ ਸਲਾਹ ਦਿੱਤੀ ਹੈ। ਦੂਜੇ ਪਾਸੇ 27 ਜਨਵਰੀ 2025 ਨੂੰ ਬ੍ਰਿਟਿਸ਼ ਸਿਹਤ ਅਧਿਕਾਰੀਆਂ ਨੇ ਯੂਰਪ ’ਚ ਪਹਿਲੇ ਬਰਡ ਫਲੂ ਨਾਲ ਪ੍ਰਭਾਵਿਤ ਮਰੀਜ਼ ਦੀ ਪੁਸ਼ਤੀ ਵੀ ਕੀਤੀ ਸੀ। ਜਿਹੜਾ ਕਿ ਜ਼ੇਰੇ ਇਲਾਜ ਅਤੇ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ।
