ਸਿਡਨੀ – ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ (ਐਨ. ਐਸ. ਡਬਲਯੂ.) ਵਿੱਚ ਸਿਡਨੀ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਆਏ ਭਿਆਨਕ ਤੂਫਾਨ ਕਾਰਨ ਇੱਕ ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ। ਬੁੱਧਵਾਰ ਸ਼ਾਮ ਅਤੇ ਵੀਰਵਾਰ ਸਵੇਰੇ ਸੂਬੇ ਵਿੱਚ ਆਏ ਭਾਰੀ ਗਰਜ-ਤੂਫ਼ਾਨ ਨੇ ਵਿਆਪਕ ਨੁਕਸਾਨ ਕੀਤਾ। ਆਸਟ੍ਰੇਲੀਆਈ ਬਿਜਲੀ ਪ੍ਰਦਾਤਾ ਔਸਗ੍ਰਿਡ ਨੇ ਅੱਜ ਸਵੇਰੇ ਕਿਹਾ ਕਿ ਤੂਫਾਨ ਨਾਲ ਕੁੱਲ 140,000 ਗਾਹਕ ਪ੍ਰਭਾਵਿਤ ਹੋਏ ਹਨ ਅਤੇ ਹੁਣ 58,000 ਘਰਾਂ ਅਤੇ ਕਾਰੋਬਾਰਾਂ ਨੂੰ ਬਿਜਲੀ ਬਹਾਲ ਕਰ ਦਿੱਤੀ ਗਈ ਹੈ।

ਇਸ ਦੌਰਾਨ ਔਸਗ੍ਰਿਡ ਦੇ ਗਾਹਕਾਂ ਨੇ 560 ਤੋਂ ਵੱਧ ਬਿਜਲੀ ਦੇ ਖਤਰਿਆਂ ਦੀ ਰਿਪੋਰਟ ਕੀਤੀ ਹੈ, ਜਿਸ ਵਿੱਚ ਡਿੱਗੀਆਂ ਤਾਰਾਂ, ਦਰੱਖਤ ਅਤੇ ਬਿਜਲੀ ਦੀਆਂ ਲਾਈਨਾਂ ‘ਤੇ ਟਾਹਣੀਆਂ ਸ਼ਾਮਲ ਹਨ। ਬਿਜਲੀ ਕੰਪਨੀ ਨੇ ਕਿਹਾ ਕਿ ਵਾਧੂ ਔਸਗ੍ਰਿਡ ਐਮਰਜੈਂਸੀ ਅਮਲੇ ਨੇ ਤੂਫਾਨ ਦੇ ਵੱਡੇ ਨੁਕਸਾਨ ਕਾਰਨ ਹੋਏ ਬਿਜਲੀ ਦੇ ਖਤਰਿਆਂ ਨੂੰ ਦੂਰ ਕਰਨ ਲਈ ਸਾਰੀ ਰਾਤ ਕੰਮ ਕੀਤਾ। ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਅੱਜ ਔਸਗ੍ਰਿਡ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਇਹ ਕਈ ਸਾਲਾਂ ਵਿੱਚ ਸਿਡਨੀ ਵਿੱਚ ਆਉਣ ਵਾਲਾ ਸਭ ਤੋਂ ਵੱਡਾ ਤੂਫਾਨ ਸੀ ਅਤੇ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਸਿਡਨੀ ਦੇ ਉੱਤਰ, ਦੱਖਣ-ਪੱਛਮ ਅਤੇ ਅੰਦਰੂਨੀ ਸ਼ਹਿਰ ਦੇ ਨਾਲ-ਨਾਲ ਨਿਊਕੈਸਲ ਤੱਟਵਰਤੀ ਖੇਤਰ ਸਨ।
ਇੱਕ ਹੋਰ ਬਿਜਲੀ ਪ੍ਰਦਾਤਾ, ਐਸੈਂਸ਼ੀਅਲ ਐਨਰਜੀ ਨੇ ਵੀ ਦੱਸਿਆ ਕਿ ਤੂਫਾਨ ਦੌਰਾਨ ਕਿਸੇ ਸਮੇਂ 50,000 ਤੋਂ ਵੱਧ ਗਾਹਕ ਬਿਜਲੀ ਬੰਦ ਹੋਣ ਕਾਰਨ ਪ੍ਰਭਾਵਿਤ ਹੋਏ ਸਨ। ਇਹ ਕੰਪਨੀ ਜ਼ਿਆਦਾਤਰ ਖੇਤਰੀ NSW ਨੂੰ ਬਿਜਲੀ ਪ੍ਰਦਾਨ ਕਰਦੀ ਹੈ। NSW ਸਟੇਟ ਐਮਰਜੈਂਸੀ ਸਰਵਿਸ (SES) ਨੇ ਕਿਹਾ ਕਿ ਉਸਨੂੰ ਅੱਜ ਸਵੇਰ ਤੱਕ 24 ਘੰਟਿਆਂ ਵਿੱਚ ਸਹਾਇਤਾ ਲਈ 2,200 ਤੋਂ ਵੱਧ ਕਾਲਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਡਿੱਗੇ ਹੋਏ ਦਰੱਖਤਾਂ ਜਾਂ ਬਿਜਲੀ ਦੀਆਂ ਲਾਈਨਾਂ ਅਤੇ ਨੁਕਸਾਨੀਆਂ ਗਈਆਂ ਜਾਇਦਾਦਾਂ ਨਾਲ ਸਬੰਧਤ ਸਨ।

ਆਸਟ੍ਰੇਲੀਆ ਦੇ ਮੌਸਮ ਵਿਗਿਆਨ ਬਿਊਰੋ (BOM) ਨੇ ਅੱਜ ਸਵੇਰੇ NSW ਵਿੱਚ ਮਿਡ ਨੌਰਥ ਕੋਸਟ, ਹੰਟਰ, ਨੌਰਥ ਵੈਸਟ ਸਲੋਪਸ ਐਂਡ ਪਲੇਨਜ਼ ਅਤੇ ਨੌਰਦਰਨ ਟੇਬਲਲੈਂਡਜ਼ ਪੂਰਵ ਅਨੁਮਾਨ ਵਾਲੇ ਜ਼ਿਲ੍ਹਿਆਂ ਵਿੱਚ ਲੋਕਾਂ ਲਈ ਗੰਭੀਰ ਗਰਜ਼-ਤੂਫ਼ਾਨ ਦੀਆਂ ਚੇਤਾਵਨੀਆਂ ਨੂੰ ਰੱਦ ਕਰ ਦਿੱਤਾ, ਅਤੇ ਕਿਹਾ ਕਿ ਉੱਤਰ-ਪੂਰਬੀ NSW ਦੇ ਅੰਦਰੂਨੀ ਹਿੱਸਿਆਂ ਵਿੱਚ ਤੂਫ਼ਾਨਾਂ ਦੀ ਰਫ਼ਤਾਰ ਘੱਟ ਗਈ ਹੈ। ਹਾਲਾਂਕਿ ਸਥਿਤੀ ‘ਤੇ ਨਜ਼ਰ ਰੱਖੀ ਜਾਵੇਗੀ ਅਤੇ ਲੋੜ ਪੈਣ ‘ਤੇ ਹੋਰ ਚੇਤਾਵਨੀਆਂ ਜਾਰੀ ਕੀਤੀਆਂ ਜਾਣਗੀਆਂ।
ਸਿਡਨੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਵੀਰਵਾਰ ਤੋਂ ਸ਼ੁੱਕਰਵਾਰ ਅਤੇ ਸ਼ਨੀਵਾਰ ਤੱਕ ਭਿਆਨਕ ਤੂਫਾਨ ਜਾਰੀ ਰਹਿਣ ਦੀ ਉਮੀਦ ਹੈ। ਐਸ.ਈ.ਐਸ ਨੇ ਐਨ.ਐਸ.ਡਬਲਯੂ ਦੇ ਕੇਂਦਰੀ ਅਤੇ ਉੱਤਰੀ ਤੱਟਾਂ ‘ਤੇ ਨਦੀਆਂ ਨੇੜੇ ਕੈਂਪ ਲਗਾਉਣ ਵਾਲੇ ਲੋਕਾਂ ਨੂੰ ਗੰਭੀਰ ਮੌਸਮ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਹੈ।
