ਆਮ ਆਦਮੀ ਪਾਰਟੀ ਦਾ ਮੇਅਰ ਬਣਾਓ, ਅਸੀਂ ਪਟਿਆਲਾ ਦੀ ਸੁੰਦਰਤਾ ਨੂੰ ਮੁੜ ਬਹਾਲ ਕਰਾਂਗੇ – ਭਗਵੰਤ ਮਾਨ

ਕਿਹਾ-ਕੈਪਟਨ ਦਾ ਪਰਿਵਾਰ ਕਦੇ ਵੀ ਪੰਜਾਬ ਦੇ ਨਾਲ ਨਹੀਂ ਖੜ੍ਹਿਆ

ਪਟਿਆਲਾ, 19 ਦਸੰਬਰ  : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਪਟਿਆਲਾ ਵਿੱਚ ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਇੱਥੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਇਕ ਵੱਡਾ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ‘ਆਪ’ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਸਮਰਥਨ ਦੇਣ ਦੀ ਅਪੀਲ ਕੀਤੀ।

ਇਸ ਰੋਡ ਸ਼ੋਅ ਵਿੱਚ ਮਾਨ ਦੇ ਨਾਲ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ, ਕੈਬਨਿਟ ਮੰਤਰੀ ਬਰਿੰਦਰ ਗੋਇਲ ਅਤੇ ਡਾ. ਬਲਬੀਰ ਸਿੰਘ ਤੋਂ ਇਲਾਵਾ ਪਾਰਟੀ ਦੇ ਕਈ ਵਿਧਾਇਕ, ਆਗੂ ਅਤੇ ਅਹੁਦੇਦਾਰ ਹਾਜ਼ਰ ਸਨ।

ਮੁੱਖ ਮੰਤਰੀ ਮਾਨ ਨੇ ਪਟਿਆਲਾ ਦੇ ਲੋਕਾਂ ਨੂੰ ਕਿਹਾ ਕਿ ਕਿ ਮੇਰਾ ਪਟਿਆਲਾ ਨਾਲ ਬਹੁਤ ਪੁਰਾਣਾ ਸਬੰਧ ਹੈ। 1997 ਤੋਂ 2003 ਤੱਕ ਮੈਂ ਪਟਿਆਲਾ ਹੀ ਰਹਿੰਦਾ ਸੀ। ਮੈਂ ਇੱਥੋਂ ਦੇ ਕੋਨੇ-ਕੋਨੇ ਤੋਂ ਜਾਣੂ ਹਾਂ। ਮੇਰਾ ਪਿੰਡ ਵੀ ਇੱਥੋਂ ਦੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਵੀ ਤੁਸੀਂ ਸਾਨੂੰ ਇਤਿਹਾਸਕ ਸਮਰਥਨ ਦਿੱਤਾ ਸੀ । ਮੈਨੂੰ ਪੂਰਾ ਭਰੋਸਾ ਹੈ ਕਿ ਇਸ ਵਾਰ ਵੀ ਤੁਸੀਂ ਆਮ ਆਦਮੀ ਪਾਰਟੀ ਦਾ ਇਸੇ ਤਰ੍ਹਾਂ ਸਮਰਥਨ ਕਰੋਗੇ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪਟਿਆਲਾ ਦੀ ਪੁਰਾਣੀ ਸੁੰਦਰਤਾ ਨੂੰ ਮੁੜ ਬਹਾਲ ਕਰਾਂਗੇ। ਪਟਿਆਲਾ ਵੈਸੇ ਵੀ ਪੰਜਾਬ ਦਾ ਮਸ਼ਹੂਰ ਸ਼ਹਿਰ ਹੈ। ਅਸੀਂ ਇਸ ਦਾ ਨਾਂ ਹੋਰ ਉੱਚਾ ਕਰਾਂਗੇ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਸੀਂ 15 ਜਨਵਰੀ ਦੇ ਆਸਪਾਸ ਕਿਲ੍ਹਾ ਮੁਬਾਰਕ ਵਿੱਚ ਇੱਕ ਹੋਟਲ ਦਾ ਉਦਘਾਟਨ ਕਰਨ ਜਾ ਰਹੇ ਹਾਂ। ਇਸ ਦਾ ਨਾਂ ‘ਰਣਵਾਸ’ ਹੈ। ਇਹ ਭਾਰਤ ਦਾ ਪਹਿਲਾ ਬੁਟੀਕ ਹੋਟਲ ਹੋਵੇਗਾ। ਇਸ ਨਾਲ ਪਟਿਆਲਾ ਪੂਰੀ ਦੁਨੀਆ ਵਿੱਚ ਮਸ਼ਹੂਰ ਹੋਵੇਗਾ। ਦੇਸ਼ ਦੇ ਵੱਡੇ ਲੋਕ ਵਿਆਹਾਂ ਜਾਂ ਹੋਰ ਸਮਾਗਮਾਂ ਲਈ ਰਾਜਸਥਾਨ ਦੇ ਜੈਪੁਰ ਅਤੇ ਉਦੇਪੁਰ ਵਰਗੇ ਸ਼ਹਿਰਾਂ ਵਿੱਚ ਜਾਂਦੇ ਹਨ। ਹੁਣ ਪਟਿਆਲੇ ਵੀ ਆਉਣਗੇ।

ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖੇ ਹਮਲੇ ਕੀਤੇ।  ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਕਦੇ ਵੀ ਪੰਜਾਬ ਨਾਲ ਨਹੀਂ ਖੜ੍ਹਿਆ। ਉਹ ਮੁਗ਼ਲਾਂ ਦੇ ਸਮੇਂ ਮੁਗ਼ਲਾਂ ਦੇ ਨਾਲ ਸਨ। ਅੰਗਰੇਜ਼ਾਂ ਦੇ ਰਾਜ ਦੌਰਾਨ ਅੰਗਰੇਜ਼ਾਂ ਨਾਲ।  ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਕੈਪਟਨ ਉਸ ਦੇ ਨਾਲ ਸਨ। ਅਕਾਲੀ ਦਲ ਦੀ ਸਰਕਾਰ ਵਿੱਚ ਵੀ ਰਹੇ। ਇਸ ਸਮੇਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਤਾਂ ਉਸ ਦੇ ਨਾਲ ਹਨ। ਇਸ ਲਈ ਉਨ੍ਹਾਂ ਦਾ ਅਜਿਹਾ ਹਾਲ ਹੋ ਗਿਆ ਹੈ।  ਹੁਣ ਪੰਜਾਬ ਦੀ ਸਿਆਸਤ ਵਿੱਚ ਉਨ੍ਹਾਂ ਦੀ ਪ੍ਰਸੰਗਿਕਤਾ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ। 

ਮਾਨ ਨੇ ਪਟਿਆਲਾ ਵਾਸੀਆਂ ਨੂੰ 21 ਦਸੰਬਰ ਨੂੰ ਜਾਤ-ਪਾਤ ਤੋਂ ਉੱਪਰ ਉੱਠ ਕੇ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਅਤੇ ਆਪਣੇ ਸ਼ਹਿਰ ਦੇ ਵਿਕਾਸ ਲਈ ਵੋਟ ਪਾਓ।  ਉਨ੍ਹਾਂ ਕਿਹਾ ਕਿ ਵੋਟਿੰਗ ਮਸ਼ੀਨ ਵਿੱਚ ਝਾੜੂ ਸਿਰਫ਼ ਇੱਕ ਬਟਨ ਨਹੀਂ ਹੈ, ਸਗੋਂ ਇਹ ਆਮ ਲੋਕਾਂ ਦੀ ਆਸ ਅਤੇ ਉਨ੍ਹਾਂ ਦੇ ਬੱਚਿਆਂ ਦੇ ਚੰਗੇ ਭਵਿੱਖ ਦਾ ਪ੍ਰਤੀਕ ਹੈ।

Leave a Reply

Your email address will not be published. Required fields are marked *