ਸ਼੍ਰੀ ਅਚਲੇਸਵਰ ਧਾਮ ਕਰੋੜਾਂ ਲੋਕਾਂ ਦੀ ਧਾਰਮਿਕ ਆਸਥਾ ਦਾ ਪ੍ਰਤੀਕ
2 ਫਰਵਰੀ ਨੂੰ ਪਵਿੱਤਰ ਸਰੋਵਰ ਦੀ ਸੇਵਾ ’ਚ ਸ਼ਰਧਾਲੂਆਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦੈ
ਬਟਾਲਾ : ਹਲਕਾ ਬਟਾਲਾ ਦੇ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਿਸ਼ਵ ਪ੍ਰਸਿੱਧ ਅਤੇ ਇਤਿਹਾਸਕ ਮੰਦਿਰ ਸ੍ਰੀ ਅੱਚਲੇਸ਼ਵਰ ਧਾਮ ਵਿਖੇ ਨਤਮਸਤਕ ਹੋਏ ਅਤੇ ਭਗਵਾਨ ਭੋਲੇ ਨਾਥ ਦੀ ਪੂਜਾ ਅਰਚਨਾ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਵਿਸਵ ਪ੍ਰਸਿੱਧ ਸ਼੍ਰੀ ਅਚਲੇਸਵਰ ਧਾਮ ਕਰੋੜਾਂ ਲੋਕਾਂ ਦੀ ਧਾਰਮਿਕ ਆਸਥਾ ਦਾ ਪ੍ਰਤੀਕ ਹੈ ਅਤੇ ਇਸ ਮੰਦਰ ਨੂੰ ਭਗਵਾਨ ਭੋਲੇ ਨਾਥ ਸਮੇਤ 33 ਕਰੋੜ ਦੇਵੀ ਦੇਵਤਿਆਂ ਦੇ ਚਰਨ ਛੂਹ ਪ੍ਰਾਪਤ ਹੋਣ ਦਾ ਸੁਭਾਗ ਪ੍ਰਾਪਤ ਹੈ। ਅੱਜ ਮਾਘੀ ਦੇ ਪਵਿੱਤਰ ਮੌਕੇ ’ਤੇ ਸ਼੍ਰੀ ਅਚਲੇਸਵਰ ਧਾਮ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਦੇ ਮਨ ਨੂੰ ਜੋ ਸ਼ਾਂਤੀ ਅਤੇ ਸਕੂਨ ਮਿਲਿਆ ਹੈ, ਉਸਨੂੰ ਉਹ ਸ਼ਬਦਾਂ ’ਚ ਬਿਆਨ ਨਹੀਂ ਕਰ ਸਕਦੇ।
ਉਨ੍ਹਾਂ ਕਿਹਾ ਕਿ ਸਹਿਰ ਵਾਸੀਆਂ ਨੂੰ 2 ਫਰਵਰੀ ਨੂੰ ਹੋਣ ਜਾ ਰਹੇ ਸ੍ਰੀ ਅਚਲੇਸਵਰ ਧਾਮ ਦੀ ਪਵਿੱਤਰ ਸਰੋਵਰ ਦੀ ਸੇਵਾ ’ਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਭਗਵਾਨ ਭੋਲੇ ਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਭਾਗਾਂ ਵਾਲੇ ਹਾਂ ਕਿ ਸਾਨੂੰ ਸਾਰਿਆਂ ਨੂੰ ਇਸ ਪਵਿੱਤਰ ਸਰੋਵਰ ਦੀ ਸੇਵਾ ਵਿਚ ਹਿੱਸਾ ਲੈਣ ਦਾ ਮੌਕਾ ਮਿਲ ਰਿਹਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਇਸ ਪਵਿੱਤਰ ਸਰੋਵਰ ਦੀ ਸੇਵਾ ਵਿਚ ਤਨ, ਮਨ, ਧਨ ਨਾਲ ਯੋਗਦਾਨ ਪਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੀ ਅਚਲੇਸ਼ਵਰ ਧਾਮ ਦੇ ਵਿਕਾਸ ਅਤੇ ਮੰਦਰ ਦੇ ਸੁੰਦਰੀਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ ਅਤੇ ਜੋ ਵੀ ਮੰਗ ਮੰਦਰ ਟਰੱਸਟ ਵੱਲੋਂ ਪੰਜਾਬ ਸਰਕਾਰ ਦੇ ਸਾਹਮਣੇ ਰੱਖੀ ਜਾਵੇਗੀ, ਉਸਨੂੰ ਸਰਕਾਰ ਵੱਲੋਂ ਪੂਰਾ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ।
ਇਸ ਮੌਕੇ ਸ਼੍ਰੀ ਅਚਲੇਸ਼ਵਰ ਮੰਦਰ ਕਾਰ ਸੇਵਾ ਟਰੱਸਟ ਦੇ ਮੁੱਖ ਸੇਵਾਦਾਰ ਪਵਨ ਕੁਮਾਰ ਪੰਮਾ ਨੇ ਕਿਹਾ ਕਿ ਉਨ੍ਹਾਂ ਵਿਧਾਇਕ ਸ਼ੈਰੀ ਨੂੰ ਪੂਰੇ ਸਰੋਵਰ ਦਾ ਮੁਆਇੰਨਾ ਕਰਵਾਇਆ ਹੈ ਅਤੇ ਉਨ੍ਹਾਂ ਤੋਂ ਮੰਗ ਕੀਤੀ ਕਿ ਉਹ ਸਰੋਵਰ ਦੇ ਜਲ ਦੀ ਸਫਾਈ ਲਈ ਸਰਕਾਰ ਵੱਲੋਂ ਇਕ ਵਾਟਰ ਟ੍ਰੀਟਮੈਂਟ ਪਲਾਂਟ ਲਗਾ ਕੇ ਦੇਣ। ਵਿਧਾਇਕ ਸ਼ੈਰੀ ਕਲਸੀ ਵੱਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਸਰਕਾਰ ਵੱਲੋਂ ਇਸ ਟ੍ਰੀਟਮੈਂਟ ਪਲਾਂਟ ’ਤੇ ਹੋਣ ਵਾਲੇ ਖਰਚ ਨੂੰ ਮਨਜ਼ੂਰ ਕਰਵਾਉਣਗੇ ਅਤੇ ਸ਼੍ਰੀ ਅਚਲੇਸ਼ਵਰ ਧਾਮ ’ਚ ਇਹ ਪਲਾਂਟ ਲਗਾਇਆ ਜਾਵੇਗਾ।
ਉਨ੍ਰਾਂ ਕਿਹਾ ਕਿ 2 ਫਰਵਰੀ ਨੂੰ ਜਿਥੇ ਸ਼ਹਿਰ ਵਾਸੀ ਵੱਡੀ ਗਿਣਤੀ ’ਚ ਸਰੋਵਰ ਦੀ ਸਫਾਈ ਲਈ ਸ਼੍ਰੀ ਅੱਚਲੇਸ਼ਵਰ ਮੰਦਰ ਕਾਰ ਸੇਵਾ ਟਰੱਸਟ ਨੂੰ ਸਹਿਯੋਗ ਕਰਨਗੇ, ਉੱਥੇ ਹੀ ਵਿਧਾਇਕ ਵਲੋਂ ਵੀ ਆਪਣੇ ਵਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਪਵਨ ਕੁਮਾਰ ਪੰਮਾ ਵੱਲੋਂ ਵਿਧਾਇਕ ਸ਼ੈਰੀ ਕਲਸੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 2 ਫਰਵਰੀ ਨੂੰ ਪਵਿੱਤਰ ਸਰੋਵਰ ਦੀ ਸੇਵਾ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਪੁੰਨ ਦੇ ਭਾਗੀਦਾਰ ਬਣਨ।

