ਆਈ. ਐੱਸ. ਆਈ. ਨਾਲ ਸਬੰਧਤ ਬੀ. ਕੇ. ਆਈ.  ਦਾ ਸਰਗਰਮ ਅੱਤਵਾਦੀ ਗ੍ਰਿਫ਼ਤਾਰ

3 ਹੈਂਡ ਗ੍ਰਨੇਡ, 2 ਡੈਟੋਨੇਟਰ, 13 ਕਾਰਤੂਸ ਅਤੇ 1 ਵਿਦੇਸ਼ੀ ਪਿਸਤੌਲ ਬਰਾਮਦ

ਉੱਤਰ ਪ੍ਰਦੇਸ਼ ਐੱਸ. ਟੀ. ਐੱਫ਼. ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿਚ ਵੀਰਵਾਰ ਦੀ ਸਵੇਰ ਨੂੰ ਕੌਸ਼ਾਂਬੀ ਜ਼ਿਲ੍ਹੇ ਤੋਂ ਪਾਕਿਸਤਾਨ ਦੀ ਆਈ. ਐੱਸ. ਆਈ. ਨਾਲ ਕਥਿਤ ਸਬੰਧਾਂ ਵਾਲਾ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਦੇ ਇਕ ਸਰਗਰਮ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸ਼ੱਕੀ ਅੱਤਵਾਦੀ, ਲੱਜਰ ਮਸੀਹ, ਜੋ ਕਿ ਅੰਮ੍ਰਿਤਸਰ, ਪੰਜਾਬ ਦੇ ਰਾਮਦਾਸ ਖੇਤਰ ਦੇ ਕੁਰਲੀਅਨ ਪਿੰਡ ਦਾ ਰਹਿਣ ਵਾਲਾ ਹੈ, ਨੂੰ ਸਵੇਰੇ 3.20 ਵਜੇ ਦੇ ਕਰੀਬ ਫੜਿਆ ਗਿਆ।

ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਯੂ. ਪੀ. ਸਪੈਸ਼ਲ ਟਾਸਕ ਫੋਰਸ, ਕਾਨੂੰਨ ਅਤੇ ਵਿਵਸਥਾ) ਅਮਿਤਾਭ ਯਸ਼ ਨੇ ਕਿਹਾ ਕਿ ਇਹ ਆਪ੍ਰੇਸ਼ਨ ਕੌਸ਼ਾਂਬੀ ਦੇ ਕੋਖਰਾਜ ਪੁਲਿਸ ਸਟੇਸ਼ਨ ਖੇਤਰ ਵਿਚ ਕੀਤਾ ਗਿਆ ਸੀ।

ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤਾ ਅੱਤਵਾਦੀ ਸਵਰਨ ਸਿੰਘ ਉਰਫ਼ ਜੀਵਨ ਫੌਜੀ ਲਈ ਕੰਮ ਕਰਦਾ ਹੈ, ਜੋ ਕਿ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਜਰਮਨੀ ਸਥਿਤ ਮਾਡਿਊਲ ਦਾ ਮੁਖੀ ਹੈ ਅਤੇ ਪਾਕਿਸਤਾਨ ਸਥਿਤ ISI ਸੰਚਾਲਕਾਂ ਨਾਲ ਸਿੱਧਾ ਸੰਪਰਕ ਵਿੱਚ ਹੈ।

ਉਨ੍ਹਾਂ ਨੇ ਕਿਹਾ ਕਿ ਯੂ. ਪੀ. STF ਅੱਤਵਾਦੀ ਤੋਂ ਕੁਝ ਵਿਸਫੋਟਕ ਸਮੱਗਰੀ ਅਤੇ ਗੈਰ-ਕਾਨੂੰਨੀ ਹਥਿਆਰ ਬਰਾਮਦ ਕਰਨ ਵਿਚ ਸਫ਼ਲ ਰਿਹਾ। ਅਧਿਕਾਰੀ ਨੇ ਕਿਹਾ ਕਿ ਜ਼ਬਤ ਕੀਤੀਆਂ ਚੀਜ਼ਾਂ ਵਿਚ 3 ਸਰਗਰਮ ਹੱਥਗੋਲੇ, 2 ਡੈਟੋਨੇਟਰ, ਇਕ ਵਿਦੇਸ਼ੀ ਪਿਸਤੌਲ ਅਤੇ ਵਿਦੇਸ਼ੀ ਬਣਤਰ ਦੇ 13 ਕਾਰਤੂਸ ਸ਼ਾਮਲ ਹਨ।

ਇਸ ਤੋਂ ਇਲਾਵਾ ਉਸਦੇ ਕਬਜ਼ੇ ਵਿਚੋਂ ਇਕ ਚਿੱਟੇ ਰੰਗ ਦਾ ਵਿਸਫੋਟਕ ਪਾਊਡਰ, ਗਾਜ਼ੀਆਬਾਦ ਦੇ ਪਤੇ ਵਾਲਾ ਇਕ ਆਧਾਰ ਕਾਰਡ, ਸਿਮ ਕਾਰਡ ਤੋਂ ਬਿਨਾਂ ਇਕ ਮੋਬਾਈਲ ਫੋਨ ਵੀ ਜ਼ਬਤ ਕੀਤਾ ਗਿਆ ਹੈ। ਏ. ਡੀ. ਜੀ. ਨੇ ਕਿਹਾ ਕਿ ਇਹ ਅੱਤਵਾਦੀ 24 ਸਤੰਬਰ, 2024 ਨੂੰ ਪੰਜਾਬ ਵਿਚ ਨਿਆਂਇਕ ਹਿਰਾਸਤ ਵਿਚੋਂ ਫਰਾਰ ਹੋ ਗਿਆ ਸੀ।

Leave a Reply

Your email address will not be published. Required fields are marked *