ਗੁਰਦਾਸਪੁਰ : ਭਾਰਤ-ਪਾਕਿਸਤਾਨ ਸਰਹੱਦ ’ਤੇ ਚੌਂਤਾ ਬੀ. ਓ. ਪੀ. ਨੇੜੇ ਅੱਤਵਾਦੀਆਂ ਵੱਲੋਂ ਿਵਛਾਏ ਿਵਸਫੋਟ ਕਾਰਨ ਸੀਮਾ ਸੁਰੱਖਿਆ ਬਲ ਦੇ ਇੱਕ ਜਵਾਨ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਜਵਾਨ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਭੇਜਿਆ ਗਿਆ ਹੈ।
ਸੀਮਾ ਸੁਰੱਖਿਆ ਬਲ ਦੇ ਸੂਤਰਾਂ ਅਨੁਸਾਰ ਇਹ ਘਟਨਾ 8-9 ਅਪ੍ਰੈਲ ਦੀ ਵਿਚਕਾਰਲੀ ਰਾਤ ਨੂੰ ਵਾਪਰੀ ਜਦੋਂ ਬੀ. ਐੱਸ. ਐੱਫ. ਦੀ ਇਕ ਟੀਮ ਨੇ ਰਾਤ ਨੂੰ ਸੀਮਾ ਸੁਰੱਖਿਆ ਬਲ ਦੁਆਰਾ ਲਗਾਈ ਗਈ ਕੰਡਿਆਲੀ ਤਾਰ ਦੇ ਅੱਗੇ ਵਾਲੇ ਖੇਤਰ ’ਚ ਗਸ਼ਤ ਕਰਦੇ ਸਮੇਂ ਭਾਰਤੀ ਖੇਤਰ ਦੇ ਅੰਦਰ ਸ਼ੱਕੀ ਵਸਤੂਆਂ ਦਾ ਪਤਾ ਲਗਾਇਆ। ਇਸ ਗਸ਼ਤ ਦਾ ਉਦੇਸ਼ ਖੇਤਰ ’ਤੇ ਹਾਵੀ ਹੋਣਾ ਅਤੇ ਸੈਨਿਕਾਂ, ਰੱਖਿਆ ਕਰਮਚਾਰੀਆਂ ਅਤੇ ਸਥਾਨਕ ਕਿਸਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ, ਜੋ ਦਿਨ ਵੇਲੇ ਅਕਸਰ ਇਸ ਰਸਤੇ ਤੋਂ ਲੰਘਦੇ ਅਤੇ ਆਉਂਦੇ ਰਹਿੰਦੇ ਹਨ।
ਇਸ ਕਾਰਵਾਈ ਦੌਰਾਨ ਸੈਨਿਕਾਂ ਨੇ ਵਾੜ ਦੇ ਅੱਗੇ ਲਗਾਏ ਗਏ ਇਕ ਸ਼ੱਕੀ ਵਿਸਫੋਟਕ ਯੰਤਰ ਦੀ ਪਛਾਣ ਕੀਤੀ, ਜੋ ਸੁਰੱਖਿਆ ਬਲਾਂ ਅਤੇ ਕਿਸਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਸਪੱਸ਼ਟ ਕੋਸ਼ਿਸ਼ ਦਾ ਸੰਕੇਤ ਦਿੰਦਾ ਹੈ। ਹੋਰ ਜਾਂਚ ’ਚ ਖੇਤਾਂ ਵਿਚ ਲੁਕੀਆਂ ਹੋਈਆਂ ਤਾਰਾਂ ਦੇ ਇਕ ਨੈੱਟਵਰਕ ਦਾ ਖੁਲਾਸਾ ਹੋਇਆ, ਜਿਸ ਤੋਂ ਕਈ ਈ.ਆਈ.ਡੀ. ਦੀ ਮੌਜੂਦਗੀ ਦੀ ਪੁਸ਼ਟੀ ਹੋਈ।
ਇਲਾਕੇ ਦੀ ਘੇਰਾਬੰਦੀ ਅਤੇ ਜਾਂਚ ਕਰਦੇ ਸਮੇਂ ਇਕ ਆਈ. ਈ. ਡੀ. (ਵਿਸਫੋਟਕ ਯੰਤਰ), ਜੋ ਕਿ ਲੁਕਾਇਆ ਗਿਆ ਸੀ, ਗਲਤੀ ਨਾਲ ਫਟ ਗਿਆ, ਜਿਸ ਦੇ ਨਤੀਜੇ ਵਜੋਂ ਸੀਮਾ ਸੁਰੱਖਿਆ ਬਲ ਦੇ ਜਵਾਨ ਕਾਂਸਟੇਬਲ ਸੋਹਣ ਸਿੰਘ ਦੀ ਲੱਤ ਵਿੱਚ ਗੰਭੀਰ ਸੱਟ ਲੱਗ ਗਈ। ਇਸ ਖ਼ਤਰਨਾਕ ਕਾਰਵਾਈ ਵਿੱਚ ਇੱਕ ਜਵਾਨ ਦੇ ਜ਼ਖਮੀ ਹੋਣ ਦੇ ਬਾਵਜੂਦ, ਫੌਜਾਂ ਨੇ ਆਪਣਾ ਕੰਮ ਜਾਰੀ ਰੱਖਿਆ, ਖੇਤਰ ਨੂੰ ਸਫਲਤਾਪੂਰਵਕ ਸੁਰੱਖਿਅਤ ਕੀਤਾ ਅਤੇ ਫੋਰਸ ਕਰਮਚਾਰੀਆਂ ਅਤੇ ਕਿਸਾਨਾਂ ਲਈ ਇੱਕ ਸੰਭਾਵੀ ਵੱਡੀ ਦੁਖਾਂਤ ਨੂੰ ਟਾਲ ਦਿੱਤਾ।
ਦਿਨ ਚੜ੍ਹਨ ਤੋਂ ਬਾਅਦ, ਬੀ.ਐੱਸ.ਐੱਫ ਬੰਬ ਨਿਰੋਧਕ ਦਸਤਾ ਮੌਕੇ ’ਤੇ ਪਹੁੰਚਿਆ, ਇਲਾਕੇ ਦੀ ਪੂਰੀ ਤਲਾਸ਼ੀ ਲਈ ਅਤੇ ਇਲਾਕੇ ਨੂੰ ਸਾਫ਼ ਕਰਨ ਤੋਂ ਬਾਅਦ ਮੌਕੇ ’ਤੇ ਹੀ ਆਈਈਡੀ ਨੂੰ ਨਸ਼ਟ ਕਰ ਦਿੱਤਾ ਅਤੇ ਇਲਾਕੇ ਦੀ ਸੁਰੱਖਿਆ ਯਕੀਨੀ ਬਣਾਈ। ਬੀ.ਐੱਸ.ਐੱਫ ਜਵਾਨਾਂ ਵੱਲੋਂ ਦਿਖਾਈ ਗਈ ਬਹਾਦਰੀ ਨੇ ਨਾ ਸਿਰਫ਼ ਇਕ ਵੱਡੀ ਘਟਨਾ ਨੂੰ ਟਾਲ ਦਿੱਤਾ ਸਗੋਂ ਅਣਗਿਣਤ ਨਾਗਰਿਕਾਂ ਦੀਆਂ ਜਾਨਾਂ ਵੀ ਬਚਾਈਆਂ।
