ਅੱਜ ਦਾ ਬਜਟ ਸੁਣ ਕੇ ਕਿਸਾਨ ਦੇ ਹੱਥ ਨਿਰਾਸ਼ ਹੀ ਲੱਗੀ : ਡੱਲੇਵਾਲ, ਪੰਧੇਰ

ਕੇਂਦਰ ਸਰਕਾਰ ਕਿਸਾਨਾਂ ਦੀ ਕਿਸੇ ਵੀ ਉਮੀਦ ’ਤੇ ਖਰੀ ਨਹੀਂ ਉਤਰ ਸਕੀ

ਡੱਲੇਵਾਲ ਦਾ ਮਰਨ ਵਰਤ 68ਵੇਂ ਦਿਨ ਵਿਚ : ਕੰਨ ਵਿਚ ਹੋ ਰਿਹਾ ਤੇਜ਼ ਦਰਦ

ਪਟਿਆਲਾ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 68ਵੇ ਦਿਨ ਵਿਚ ਜਾਰੀ ਰਿਹਾ ਅਤੇ ਸਵੇਰ ਤੋਂ ਹੀ ਉਨ੍ਹਾਂ ਦੇ ਕੰਨ ਵਿਚ ਤੇਜ਼ ਦਰਦ ਹੋ ਰਿਹਾ ਸੀ, ਜਿਸ ਕਰਨ ਅੱਜ ਡਾਕਟਰਾਂ ਦੀ ਟੀਮ ਅੰਦਰ ਵੀ ਘਬਰਾਹਟ ਪਾਈ ਜਾ ਰਹੀ ਸੀ ਪਰ ਕਿਸਾਨ ਨੇਤਾ ਦੇ ਹੌਸਲੇ ਬੁਲੰਦ ਹਨ।

ਇਸ ਮੌਕੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਤੇ ਸਰਵਨ ਸਿੰਘ ਪੰਧੇਰ ਨੇ ਆਖਿਆ ਕਿ ਅੱਜ ਦਾ ਬਜਟ ਸੁਣ ਕੇ ਕਿਸਾਨ ਦੇ ਹੱਥ ਨਿਰਾਸ਼ ਹੀ ਲੱਗੀ ਹੈ ਅਤੇ ਕੇਂਦਰ ਸਰਕਾਰ ਕਿਸਾਨਾਂ ਦੀ ਕਿਸੇ ਵੀ ਉਮੀਦ ’ਤੇ ਖਰੀ ਨਹੀਂ ਉਤਰ ਸਕੀ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਵਿਚ ਕਿਸਾਨਾਂ ਦੀ ਆਬਾਦੀ 50 ਫੀਸਦੀ ਤੋਂ ਵੱਧ ਹੈ ਪਰ ਪੂਰੇ ਬਜਟ (50, 65, 345 ਕਰੋੜ ਰੁਪਏ) ’ਚੋਂ ਸਿਰਫ਼ (1, 71, 437 ਕਰੋੜ ਰੁਪਏ) ਹੀ ਖੇਤੀ ਸੈਕਟਰ ਨੂੰ ਦਿੱਤੇ ਗਏ ਹਨ, ਜੋ ਕਿ ਸਿਰਫ਼ 3.38 ਫੀਸਦੀ ਹੀ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਦੀ ਮੁੱਖ ਮੰਗ ਝਛਸ਼ ਦਾ ਗਾਰੰਟੀ ਕਾਨੂੰਨ ਹੈ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ’ਚ ਹੱਕੀਂ ਮੰਗਾਂ ਲਈ ਲਗਭਗ 1 ਸਾਲ ਤੋ ਚੱਲ ਰਹੇ ਅੰਦੋਲਨ ਦੇ ਦੌਰਾਨ ਮੌਜੂਦਾ ਸਮੇਂ ’ਚ ਜਗਜੀਤ ਸਿੰਘ ਡੱਲੇਵਾਲ ਦਾ ਇਤਿਹਾਸਕ ਮਰਨ ਵਰਤ ਪਿਛਲੇ 68 ਦਿਨਾਂ ਤੋਂ ਚੱਲ ਰਿਹਾ ਹੈ, ਜਿਸ ਨੂੰ ਪੂਰੇ ਦੇਸ਼ ’ਚੋਂ ਹਮਾਇਤ ਮਿਲ ਰਹੀ ਹੈ ਅਤੇ ਇਸ ਅੰਦੋਲਨ ਦੀ ਸਭ ਤੋਂ ਅਹਿਮ ਮੰਗ ਵੀ ਝਛਸ਼ ਦਾ ਗਾਰੰਟੀ ਕਾਨੂੰਨ ਹੈ ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਤਾਜ਼ਾ ਬਜਟ ’ਚ ਐੱਮ. ਐੱਸ. ਪੀ. ਗਾਰੰਟੀ ਕਾਨੂੰਨ ਬਾਰੇ ਕੋਈ ਕਦਮ ਨਹੀਂ ਚੁੱਕਿਆ, ਜੋ ਕਿ ਬਹੁਤ ਹੀ ਨਿਰਾਸ਼ਾਜਨਕ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਆਪਣੇ ਬਜਟ ਭਾਸ਼ਣ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਖੇਤੀ ਉਤਪਾਦਾਂ ਦੇ ਸਬੰਧ ’ਚ ਦੇਸ਼ ਨੂੰ ਆਤਮਨਿਰਭਰ ਬਣਾਉਣ ਅਤੇ ਫਸਲਾਂ ’ਚ ਵਿਭਿੰਨਤਾ ਦੀ ਗੱਲ ਕੀਤੀ ਸੀ ਪਰ ਨਾਂ ਤਾਂ ਸਰਕਾਰ ਵੱਲੋਂ ਕੋਈ ਠੋਸ ਰੂਪਰੇਖਾ ਐਲਾਨੀ ਗਈ ਅਤੇ ਨਾਂ ਹੀ ਉਸ ਲਈ ਕੋਈ ਬਜਟ ’ਚ ਕੋਈਂ ਪ੍ਰਬੰਧ ਕੀਤਾ ਗਿਆ।

ਸ਼ਹੀਦ ਕਿਸਾਨ ਪ੍ਰਗਟ ਸਿੰਘ ਦਾ ਹੋਇਆ ਅੰਤਿਮ ਸੰਸਕਾਰ

ਪਟਿਆਲਾ : ਕਿਸਾਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਜਾਰੀ ਦਿੱਲੀ ਅੰਦੋਲਨ 2 ਦੌਰਾਨ ਸ਼ੰਭੂ ਬਾਰਡਰ ਮੋਰਚੇ ਤੇ ਬੀਤੇ ਕੱਲ੍ਹ ਸ਼ਹੀਦ ਹੋਏ ਕਿਸਾਨ ਪ੍ਰਗਟ ਸਿੰਘ ਪੁੱਤਰ ਤਰਲੋਕ ਸਿੰਘ ਦਾ ਅੰਤਿਮ ਸੰਸਕਾਰ ਉਨਾ ਦੇ ਪਿੰਡ ਕੱਕੜ ਜ਼ਿਲਾ ਅੰਮ੍ਰਿਤਸਰ ਵਿਖੇ ਕੀਤਾ ਗਿਆ।

ਇਸ ਮੌਕੇ ਜਥੇਬੰਦੀ ਵੱਲੋਂ ਸ਼ਹੀਦੀ ਨਾਹਰੇ ਮਾਰਦੇ ਹੋਏ ਉਨ੍ਹਾਂ ਦੇ ਮ੍ਰਿਤਕਦੇਹ ਦੀ ਅੰਤਿਮ ਯਾਤਰਾ ’ਚ ਸੈਂਕੜੇ ਕਿਸਾਨ ਮਜ਼ਦੂਰ ਹਾਜ਼ਰ ਹੋਏ ਅਤੇ ਜਥੇਬੰਦਕ ਰਵਾਇਤ ਅਨੁਸਾਰ ਸ਼ਹੀਦ ਦੀ ਦੇਹ ’ਤੇ ਜਥੇਬੰਦੀ ਦਾ ਝੰਡਾ ਪਾ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਸ਼ਹੀਦ ਕਿਸਾਨ ਨੂੰ ਸ਼ੰਭੂ ਬਾਰਡਰ ਮੋਰਚੇ ਦੀ ਸਟੇਜ ਤੋਂ ਮੌਜੂਦ ਸੈਂਕੜੇ ਕਿਸਾਨਾਂ ਵੱਲੋਂ ਖੜ੍ਹੇ ਹੋ ਨਾਅਰੇਬਾਜ਼ੀ ਕਰ ਕੇ ਸ਼ਰਧਾਜਲੀ ਦਿੱਤੀ ਗਈ।

Leave a Reply

Your email address will not be published. Required fields are marked *