ਮੋਤੀ ਭਾਟੀਆ ਬਣੇ 8ਵੇਂ ਮੇਅਰ
ਅੰਮ੍ਰਿਤਸਰ-ਨਗਰ ਨਿਗਮ ਅੰਮ੍ਰਿਤਸਰ ਨੂੰ ਆਮ ਆਦਮੀ ਪਾਰਟੀ ਦਾ ਮੇਅਰ ਮਿਲ ਗਿਆ ਹੈ। ਮੈਡੀਕਲ ਕਾਲਜ ਵਿਖੇ ਡਵੀਜ਼ਨਲ ਕਮਿਸ਼ਨਰ ਜਲੰਧਰ ਅਰੁਣ ਸੇਖੜੀ ਦੀ ਅਗਵਾਈ ਹੇਠ ਸਹੁੰ ਚੁੱਕ ਸਮਾਗਮ ਹੋਇਆ। ਇਸ ਦੌਰਾਨ ‘ਆਪ’ ਦੇ ਇਕ ਬੁਲਾਰੇ ਨੇ ਜਤਿੰਦਰ ਸਿੰਘ ਮੋਤੀ ਭਾਟੀਆ ਨੂੰ ਮੇਅਰ, ਪ੍ਰਿਅੰਕਾ ਸ਼ਰਮਾ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਅਨੀਤਾ ਰਾਣੀ ਨੂੰ ਡਿਪਟੀ ਮੇਅਰ ਐਲਾਨਿਆ।
ਅੰਮ੍ਰਿਤਸਰ ਨਗਰ ਨਿਗਮ ਦਾ ਇਹ 7ਵਾਂ ਹਾਉੂਸ ਬਣਿਆ ਹੈ ਅਤੇ ਮੋਤੀ ਭਾਟੀਆ 8ਵੇਂ ਮੇਅਰ ਬਣੇ ਹਨ। ਭਾਰੀ ਹੰਗਾਮੇ ਦੌਰਾਨ ਜਿਥੇ ‘ਆਪ’ ਨੇ ਆਪਣਾ ਮੇਅਰ ਬਣਾਇਆ, ਉਥੇ ਹੀ ਕਾਂਗਰਸ ਨੇ ਵਿਰੋਧ ਜਤਾਉਂਦੇ ਹੋਏ ਰੋਡ ਜਾਮ ਕਰ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਧੱਕੇਸ਼ਾਹੀ ਕਰ ਕੇ ਆਪਣਾ ਮੇਅਰ ਬਣਾਇਆ ਹੈ, ਜੋ ਕਿ ਉਨ੍ਹਾਂ ਨੂੰ ਨਾਮਨਜ਼ੂਰ ਹੈ। ਇਸ ਨੂੰ ਲੈ ਕੇ ਉਹ ਚੁੱਪ ਨਹੀਂ ਬੈਠਣਗੇ ਅਤੇ ਲੋੜ ਪਈ ਤਾਂ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ। ਕਾਗਰਸੀਆਂ ਨੇ ਦਾਅਵਾ ਕੀਤਾ ਕਿ ਸਾਡੀ ਗਿਣਤੀ ਜ਼ਿਆਦਾ ਸੀ, ਨਾ ਤਾਂ ਕੋਈ ਵੋਟਿੰਗ ਹੋਈ ਅਤੇ ਨਾ ਹੀ ਗਿਣਤੀ ਦਰਸਾਈ ਗਈ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵੇਂ ਮੇਅਰ ਮੋਤੀ ਭਾਟੀਆ ਸਾਥੀਆਂ ਸਮੇਤ ਹੋਏ ਨਤਮਸਤਕ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਨਗਰੀ ਦੇ ਚੁਣੇ ਗਏ ਨਵੇਂ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਜਿੱਤਣ ਤੋਂ ਬਾਅਦ ਆਪਣੇ ਸਾਥੀਆਂ ਨਾਲ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ ਉੱਥੇ ਹੀ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।
ਜਤਿੰਦਰ ਸਿੰਘ ਮੋਤੀ ਭਾਟੀਆ ਨੇ ਆਖਿਆ ਕਿ ਕਾਫੀ ਦਿਨਾਂ ਤੋਂ ਚੱਲ ਰਹੀ ਇਹ ਲੜਾਈ ਵਿਚ ਜਿੱਥੇ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਉੱਥੇ ਹੀ ਸ਼ਹਿਰ ਦੇ ਲੋਕਾਂ ਨੂੰ ਰੁਕੇ ਹੋਏ ਕੰਮਾਂ ਤੋਂ ਬਹੁਤ ਵੱਡੀ ਰਾਹਤ ਦੀ ਦਵਾਈ ਜਾਵੇਗੀ।
