3 ਮੰਜਿਲਾ ਇਮਾਰਤ ਆਈ ਲਪੇਟ
ਅੰਮ੍ਰਿਤਸਰ ਦੇ ਕੋਰਟ ਰੋਡ ‘ਤੇ ਸਥਿਤ ਭਾਰਤ ਫਰਨੀਚਰ ਹਾਊਸ ਵਿੱਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਕਰੋੜਾਂ ਦਾ ਨੁਕਸਾਨ ਹੋਇਆ। ਨਗਰ ਨਿਗਮ ਫਾਇਰ ਬ੍ਰਿਗੇਡ ਵਿਭਾਗ ਦੇ ਏਡੀਐਫਓ ਦਿਲਬਾਗ ਸਿੰਘ ਨੇ ਕਿਹਾ ਕਿ ਫਰਨੀਚਰ ਦੀ ਮੌਜੂਦਗੀ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਪੂਰੀ ਤਿੰਨ ਮੰਜ਼ਿਲਾ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਅੱਗ ‘ਤੇ ਕਾਬੂ ਪਾਉਣ ਲਈ ਅੰਮ੍ਰਿਤਸਰ ਨਗਰ ਨਿਗਮ, ਗੁਰਦਾਸਪੁਰ, ਬਟਾਲਾ, ਤਰਨਤਾਰਨ, ਜੰਡਿਆਲਾ, ਸੇਵਾ ਸੰਮਤੀ ਅਤੇ ਖੰਨਾ ਪੇਪਰ ਮਿੱਲ ਸਮੇਤ ਕੁੱਲ 50 ਫਾਇਰ ਟੈਂਡਰ ਮੌਕੇ ‘ਤੇ ਪਹੁੰਚੇ। ਫਾਇਰ ਫਾਈਟਰਜ਼ ਲਗਭਗ ਦੋ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ਬੁਝਾਉਣ ਵਿੱਚ ਸਫਲ ਰਹੇ।
ਫਰਨੀਚਰ ਘਰ ਸੜ ਕੇ ਸੁਆਹ
ਤਿੰਨ ਮੰਜ਼ਿਲਾ ਫਰਨੀਚਰ ਘਰ ਵਿੱਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਨੇੜਲੇ ਇੱਕ ਹੋਰ ਸ਼ੋਅਰੂਮ ਵਿੱਚ ਵੀ ਫੈਲ ਗਈ, ਜਿਸ ਕਾਰਨ ਉੱਥੇ ਵੀ ਭਾਰੀ ਨੁਕਸਾਨ ਹੋਇਆ। ਹਾਲਾਂਕਿ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਸਮੇਂ ਸਿਰ ਪਹੁੰਚਣ ਕਾਰਨ, ਅੱਗ ਪੂਰੀ ਮਾਰਕੀਟ ਵਿੱਚ ਨਹੀਂ ਫੈਲ ਸਕੀ, ਇਸ ਤਰ੍ਹਾਂ ਇੱਕ ਵੱਡਾ ਹਾਦਸਾ ਟਲ ਗਿਆ।
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰ ਰਿਹਾ ਹੈ।
‘ਨੁਕਸਾਨ ਦਾ ਅਜੇ ਨਹੀਂ ਲੱਗਿਆ ਪਤਾ’
ਇਸ ਮੌਕੇ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਸਾਨੂੰ ਸਵੇਰੇ ਪਤਾ ਲੱਗਾ ਕਿ ਦੁਕਾਨ ਨੂੰ ਅੱਗ ਲੱਗ ਗਈ ਹੈ। ਉਹ ਮੌਕੇ ‘ਤੇ ਪੁੱਜੇ ਹਾਂ ਤਾਂ ਪਤਾ ਲੱਗਾ ਕਿ ਸ਼ੋਰਟ ਸਰਕਟ ਦੇ ਕਾਰਨ ਇਹ ਸਾਰੀ ਅੱਗ ਲੱਗੀ ਹੈ, ਪਰ ਸਾਡਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ। ਇਹਦੇ ਅੱਗ ਬੁਝਣ ਤੋਂ ਬਾਅਦ ਹੀ ਨੁਕਸਾਨ ਦਾ ਪਤਾ ਲੱਗੇਗਾ ਕਿ ਕਿੰਨਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਦਮਕਲ ਵਿਭਾਗ ਦੇ ਅਧਿਕਾਰੀ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਕਰ ਰਹੇ ਸਨ।