ਅੰਮ੍ਰਿਤਸਰ, 9 ਦਸੰਬਰ-ਅੰਮ੍ਰਿਤਸਰ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਕਾਰ ਸਵਾਰ ਸਮੱਗਲਰ ਨੂੰ ਗ੍ਰਿਫ਼ਤਾਰ ਕਰ ਕੇ 5.1 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਇਸ ਸਬੰਧੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ. ਆਈ. ਏ. ਸਟਾਫ-1 ਦੀ ਪੁਲਸ ਨੇ ਗੁਪਤ ਸੂਚਨਾ ਮਿਲੀ ਕਿ ਸਕਾਰਪੀਓ ਸਵਾਰ ਇਕ ਹੈਰੋਇਨ ਸਮੱਗਲਰ ਅੰਮ੍ਰਿਤਸਰ ਸੈਕਟਰ ਦੇ ਦਿਹਾਤੀ ਇਲਾਕੇ ’ਚੋਂ ਹੈਰੋਇਨ ਦੀ ਵੱਡੀ ਖ਼ੇਪ ਲੈ ਕੇ ਆ ਰਿਹਾ ਹੈ। ਪੁਲਸ ਨੇ ਤੁਰੰਤ ਨਾਕਾਬੰਦੀ ਕਰਦਿਆਂ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ।
ਕਮਿਸ਼ਨਰ ਪੁਲਸ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਗੁਰਵੀਰ ਸਿੰਘ ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ, ਜੋ ਸਿਵਲ ਹਸਪਤਾਲ ਫਿਰੋਜ਼ਪੁਰ ’ਚ ਠੇਕੇ ’ਤੇ ਡਰਾਇਵਰੀ ਦਾ ਕੰਮ ਕਰ ਰਿਹਾ ਹੈ। ਇਹ ਮੁਲਜ਼ਮ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਪਿਛਲੇ ਕਰੀਬ 5 ਮਹੀਨਿਆਂ ਤੋਂ ਅੰਮ੍ਰਿਤਸਰ ਸੈਕਟਰ ’ਚ ਹੈਰੋਇਨ ਸਮੱਗਲਿੰਗ ਦਾ ਧੰਦਾ ਕਰ ਰਿਹਾ ਹੈ, ਜਿਸ ਨੇ ਹੁਣ ਤੱਕ ਅਜਿਹੀਆਂ ਕਰੀਬ 3 ਖੇਪਾਂ ਦਾ ਭੁਗਤਾਨ ਕੀਤਾ ਹੈ।
ਪੁਲਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਉਸ ਦੇ ਇਕ ਹੋਰ ਸਾਥੀ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਦਾਲਤ ’ਚ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਇਸ ਮੁਲਜ਼ਮ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ