ਅੰਤਰ-ਰਾਜੀ ਨਾਕਿਆਂ ਉਤੇ ਸੰਗਰੂਰ ਪੁਲਿਸ ਨੇ ਵਧਾਈ ਚੌਕਸੀ

ਐਸ.ਐਸ.ਪੀ. ਚਾਹਲ ਦੇ ਨਿਰਦੇਸ਼ਾਂ ਹੇਠ ‘ਆਪਰੇਸ਼ਨ ਸੀਲ’ ਚਲਾ ਕੇ ਕੀਤੀ ਵਾਹਨਾਂ ਦੀ ਚੈਕਿੰਗ

ਨਾਕਿਆਂ ਉਤੇ ਡੀ.ਐਸ.ਪੀ ਦੀਪਿੰਦਰਪਾਲ ਸਿੰਘ ਜੇਜੀ ਅਤੇ ਡੀ.ਐਸ.ਪੀ ਪਰਮਿੰਦਰ ਸਿੰਘ ਰਹੇ ਸਰਗਰਮ

ਖਨੌਰੀ, : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਖ਼ਤ ਦਿਸ਼ਾ ਨਿਰਦੇਸ਼ਾਂ ਅਤੇ ਡੀ.ਜੀ.ਪੀ ਗੌਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਅੱਜ ਜ਼ਿਲ੍ਹਾ ਸੰਗਰੂਰ ਦੀਆਂ ਹਰਿਆਣਾ ਨਾਲ ਲਗਦੀਆਂ ਹੱਦਾਂ ਉਤੇ ਜ਼ਿਲ੍ਹਾ ਪੁਲਿਸ ਵੱਲੋਂ ਆਪਰੇਸ਼ਨ ਸੀਲ ਚਲਾਇਆ ਗਿਆ।

ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਾ ਤਸਕਰਾਂ ਤੇ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨ ਲਈ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਅਹਿਮ ਕੜੀ ਵਜੋਂ ਐਸ.ਐਸ.ਪੀ ਸੰਗਰੂਰ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਲਹਿਰਾ ਅਤੇ ਮੂਨਕ ਸਬ ਡਵੀਜ਼ਨਾਂ ਦੇ ਡੀ.ਐਸ.ਪੀ ਨੇ ਇਸ ਅਭਿਆਨ ਦੀ ਨਿਗਰਾਨੀ ਕੀਤੀ ਅਤੇ ਪੁਲਿਸ ਟੀਮਾਂ ਨੇ ਰਾਮਪੁਰ, ਕੜੈਲ, ਚੋਟੀਆਂ, ਪਦਾਰਥ ਖੇੜਾ ਆਦਿ ਦੇ ਮੁੱਖ ਰਸਤਿਆਂ ਉੱਤੇ ਸ਼ੱਕੀ ਵਾਹਨਾਂ ਅਤੇ ਰਾਹਗੀਰਾਂ ਦੇ ਸਮਾਨ ਦੀ ਜਾਂਚ ਪੜਤਾਲ ਕੀਤੀ ਗਈ।

ਇਸ ਮੌਕੇ ਡੀ.ਐਸ.ਪੀ ਦੀਪਇੰਦਰ ਪਾਲ ਸਿੰਘ ਜੇਜੀ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪੁਲਿਸ ਵੱਖ-ਵੱਖ ਯੋਜਨਾਵਾਂ ਦੇ ਆਧਾਰ ਉੱਤੇ ਕਾਰਵਾਈ ਨੂੰ ਅਮਲ ਵਿੱਚ ਲਿਆ ਰਹੀ ਹੈ ਅਤੇ ਨਸ਼ਾ ਤਸਕਰਾਂ ਨੂੰ ਪੂਰਨ ਤੌਰ ਤੇ ਠੱਲ੍ਹ ਪਾਉਣ ਲਈ ਆਮ ਲੋਕਾਂ ਦੇ ਸਹਿਯੋਗ ਦੇ ਵੀ ਜਰੂਰਤ ਹੈ।

ਉਹਨਾਂ ਦੱਸਿਆ ਕਿ ਅੱਜ ਜਾਂਚ ਦੌਰਾਨ ਇਕ ਵਿਅਕਤੀ ਰਾਮ ਸਿੰਘ ਵਾਸੀ ਮਾਨਸਾ ਕੋਲੋ 15 ਬੋਤਲਾਂ ਇਨਟੋਕਸੀਕੇਟਡ ਸੀਰਪ ਦੀਆਂ ਬਰਾਮਦ ਕੀਤੀਆਂ ਗਈਆਂ ਅਤੇ ਉਸ ਖ਼ਿਲਾਫ਼ ਪੁਲਿਸ ਥਾਣਾ ਲਹਿਰਾ ਵਿਖੇ ਐਨਡੀਪੀਐਸ ਐਕਟ ਦੇ ਅੰਡਰ ਸੈਕਸ਼ਨ 22 ਤਹਿਤ ਐਫਆਈਆਰ ਨੰਬਰ 38 ਮਿਤੀ 07.03.2025 ਦਰਜ ਕੀਤੀ ਗਈ ਹੈ।

ਇਸ ਮੌਕੇ ਡੀਐਸਪੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਅੱਜ ਕੀਤੀ ਨਾਕਾਬੰਦੀ ਦੌਰਾਨ ਕੱਚੀ ਖਨੌਰੀ ਤੋਂ ਪਦਾਰਥ ਖੇੜਾ ਰੋਡ ਉੱਤੇ ਲਗਾਏ ਨਾਕੇ ਦੌਰਾਨ ਇਕ ਵਿਅਕਤੀ ਕੋਲੋਂ 200 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਅਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਐਫਆਈਆਰ ਨੰਬਰ 24 ਅੰਡਰ ਸੈਕਸ਼ਨ 61/1/14 ਐਕਸਾਈਜ਼ ਐਕਟ ਤਹਿਤ ਪੁਲਿਸ ਥਾਣਾ ਖਨੌਰੀ ਵਿਖੇ ਦਰਜ ਕਰਕੇ 20 ਬੋਤਲਾਂ ਸ਼ਰਾਬ ਠੇਕਾ ਦੇਸੀ ਅਤੇ ਐਫਆਈਆਰ ਨੰਬਰ 16 ਅੰਡਰ ਸੈਕਸ਼ਨ 61/1/14 ਐਕਸਾਈਜ਼ ਐਕਟ ਤਹਿਤ ਪੁਲਿਸ ਥਾਣਾ ਮੂਨਕ ਵਿਖੇ ਦਰਜ ਕਰਕੇ 50 ਲੀਟਰ ਲਾਹਣ ਬਰਾਮਦ ਕੀਤੀ ਗਈ।

ਇਸ ਤੋਂ ਇਲਾਵਾ 10 ਵਾਹਨ ਚਾਲਕਾਂ ਦੇ ਚਲਾਨ ਵੀ ਕੱਟੇ ਗਏ ਹਨ।

Leave a Reply

Your email address will not be published. Required fields are marked *