ਅਮਰੀਕਾ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਸਿਲਸਿਲਾ ਜਾਰੀ

ਅਮਰੀਕਾ ਵੱਲੋਂ 119 ਹੋਰ ਭਾਰਤੀ ਡਿਪੋਰਟ

ਅੰਮ੍ਰਿਤਸਰ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਖ਼ਤ ਹੁਕਮਾਂ ਮੁਤਾਬਕ ਅਮਰੀਕਾ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਸਿਲਸਿਲਾ ਜਾਰੀ ਹੈ।

ਅਮਰੀਕਾ ਵੱਲੋਂ 119 ਹੋਰ ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਗੈਰ-ਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਗਏ ਇਨ੍ਹਾਂ ਭਾਰਤੀਆਂ ਨੂੰ ਲੈ ਕੇ ਅਮਰੀਕੀ ਫ਼ੌਜ ਦੇ 2 ਜਹਾਜ਼ ਕੱਲ੍ਹ ਅਤੇ ਪਰਸੋਂ ਭਾਰਤ ਆਉਣਗੇ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਦੋਹਾਂ ਫ਼ਲਾਈਟਾਂ ਨੂੰ ਵੀ ਪਹਿਲੀ ਫ਼ਲਾਈਟ ਵਾਂਗ ਅੰਮ੍ਰਿਤਸਰ ਏਅਰਪੋਰਟ ‘ਤੇ ਹੀ ਲੈਂਡ ਕਰਵਾਇਆ ਜਾਵੇਗਾ।

ਜਾਣਕਾਰੀ ਮੁਤਾਬਕ ਅਮਰੀਕਾ ਵੱਲੋਂ 119 ਹੋਰ ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚ ਸਭ ਤੋਂ ਵੱਧ ਲੋਕ ਪੰਜਾਬ ਨਾਲ ਸਬੰਧਤ ਦੱਸੇ ਜਾ ਰਹੇ ਹਨ। ਅਮਰੀਕਾ ਵੱਲੋਂ ਹੁਣ ਡਿਪੋਰਟ ਕੀਤੇ ਗਏ 119 ਵਿਚੋਂ 67 ਲੋਕ ਪੰਜਾਬ ਦੇ ਰਹਿਣ ਵਾਲੇ ਹਨ।

ਇਸ ਤੋਂ ਇਲਾਵਾ ਹਰਿਆਣਾ ਦੇ ਵੀ 33 ਲੋਕ ਦੂਜੀ ਫ਼ਲਾਈਟ ਵਿਚ ਸ਼ਾਮਲ ਹਨ। ਇਸੇ ਤਰ੍ਹਾਂ ਗੁਜਰਾਤ ਦੇ 8, ਉੱਤਰ ਪ੍ਰਦੇਸ਼ ਦੇ 3 ਅਤੇ ਗੋਆ ਦੇ 2 ਨਾਗਰਿਕਾਂ ਨੂੰ ਵੀ ਡਿਪੋਰਟ ਕੀਤਾ ਗਿਆ ਹੈ। 

ਕੱਲ੍ਹ ਅਤੇ ਪਰਸੋਂ 2 ਫ਼ਲਾਈਟਾਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਏਅਰਪੋਰਟ ਆਉਣਗੇ। ਪਹਿਲੀ ਫ਼ਲਾਈਟ ਕੱਲ੍ਹ ਯਾਨੀ 15 ਫ਼ਰਵਰੀ ਨੂੰ ਰਾਤ 10 ਵਜੇ ਲੈਂਡ ਹੋਵੇਗੀ ਤੇ ਦੂਜੀ ਫ਼ਲਾਈਟ 16 ਫ਼ਰਵਰੀ ਨੂੰ ਰਾਤ 10 ਵਜੇ ਲੈਂਡ ਹੋਵੇਗੀ। ਅਮਰੀਕੀ ਫ਼ੌਜ ਦੇ 2 ਜਹਾਜ਼ ਤਿਆਰ-ਬਰ-ਤਿਆਰ ਖੜ੍ਹੇ ਹਨ।

ਦੱਸ ਦਈਏ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇੰਨ੍ਹੀਂ ਦਿਨੀਂ ਅਮਰੀਕੀ ਦੌਰੇ ‘ਤੇ ਹਨ। ਉਨ੍ਹਾਂ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੀਟਿੰਗ ਮਗਰੋਂ ਆਖ਼ਿਆ ਗਿਆ ਹੈ ਕਿ ਅਸੀਂ ਅਮਰੀਕਾ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀਆਂ ਨੂੰ ਵਾਪਸ ਲੈਣ ਲਈ ਤਿਆਰ ਹਾਂ।

ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚ ਜ਼ਿਆਦਾਤਰ ਲੋਕ ਆਮ ਘਰਾਂ ਨਾਲ ਸਬੰਧਤ ਹਨ ਤੇ ਇਨ੍ਹਾਂ ਨੂੰ ਧੋਖੇ ਨਾਲ ਇੱਥੇ ਭੇਜਿਆ ਗਿਆ ਹੈ। ਉਨ੍ਹਾਂ ਨੇ ਮਨੁੱਖੀ ਤਸਕਰੀ ਦੇ ਇਸ ਇਕੋਸਿਸਟਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਵੀ ਗੱਲ ਆਖ਼ੀ ਹੈ। 

Leave a Reply

Your email address will not be published. Required fields are marked *