ਸੰਗਰੂਰ, :-ਅਮਰੀਕਾ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ 104 ਭਾਰਤੀ ਨਾਗਰਿਕਾਂ ਨੂੰ ਹੱਥਕੜੀਆਂ ਤੇ ਜ਼ੰਜੀਰਾਂ ਵਿਚ ਜਕੜ ਕੇ ਡਿਪੋਰਟ ਕਰਨ ਦੀ ਆਲ ਇੰਡੀਆ ਕਾਂਗਰਸ ਦੇ ਖਜ਼ਾਨਚੀ ਅਤੇ ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਤਿੱਖੀ ਨਿੰਦਿਆ ਕੀਤੀ। ਉਨ੍ਹਾਂ ਨੇ ਇਸ ਕਾਰਵਾਈ ਨੂੰ ਭਾਰਤੀ ਨਾਗਰਿਕਾਂ ਦਾ ਅਪਮਾਨ ਕਰਾਰ ਦਿੱਤਾ।
ਸਿੰਗਲਾ ਨੇ ਆਖਿਆ ਕਿ ਇਹ ਨਾਗਰਿਕ ਕੋਈ ਅਪਰਾਧੀ ਨਹੀਂ ਸਨ ਜੋ ਉਨ੍ਹਾਂ ਨੂੰ ਇਸ ਤਰੀਕੇ ਨਾਲ ਭੇਜਿਆ ਗਿਆ। ਉਨ੍ਹਾਂ ਕਿਹਾ ਸਾਡੇ ਭਾਰਤੀ ਭਾਈ-ਭੈਣ ਜੋ ਰੋਜ਼ਗਾਰ ਦੀ ਭਾਲ ’ਚ ਅਮਰੀਕਾ ਗਏ ਸਨ, ਉਨ੍ਹਾਂ ਨੂੰ ਹੱਥਕੜੀਆਂ ਤੇ ਜ਼ੰਜੀਰਾਂ ਨਾਲ ਬੰਨ੍ਹ ਕੇ ਵਾਪਸ ਭੇਜਣੀ ਅਮਰੀਕੀ ਪ੍ਰਸ਼ਾਸਨ ਦੀ ਅਣਡਿੱਠੀ ਤੇ ਨੀਵੀਂ ਸੋਚ ਨੂੰ ਦਰਸਾਉਂਦੀ ਹੈ।
ਸਾਬਕਾ ਮੰਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਅਮਰੀਕਾ ਤੋਂ ਆਪਣੇ ਨਾਗਰਿਕਾਂ ਨੂੰ ਲਿਆਉਣ ਲਈ ਵਿਸ਼ੇਸ਼ ਜਹਾਜ਼ ਭੇਜ ਸਕਦੀ ਸੀ ਪਰ ਸਰਕਾਰ ਨੇ ਅਜਿਹਾ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਨੇ ਆਖਿਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ, ਜੋ ਅਮਰੀਕੀ ਰਾਸ਼ਟਰਪਤੀ ਨੂੰ ਆਪਣਾ ‘ਪਰਮ ਮਿੱਤਰ’ ਦੱਸਦੇ ਹਨ, ਉਨ੍ਹਾਂ ਨੇ ਇਸ ਮਾਮਲੇ ’ਤੇ ਇਕ ਸ਼ਬਦ ਵੀ ਨਹੀਂ ਬੋਲਿਆ। ਉਨ੍ਹਾਂ ਆਖਿਆ ਕਿ ਵਿਦੇਸ਼ ਮੰਤਰਾਲੇ ਨੂੰ ਵੀ ਇਸ ਬਾਰੇ ਸਖ਼ਤ ਰੁਖ ਅਪਣਾਉਣਾ ਚਾਹੀਦਾ ਹੈ।
ਸਿੰਗਲਾ ਨੇ ਕਿਹਾ ਕਿ ਭਵਿੱਖ ’ਚ ਅਜਿਹੀਆਂ ਘਟਨਾਵਾਂ ਰੋਕਣ ਲਈ ਭਾਰਤ ਸਰਕਾਰ ਨੂੰ ਵਿਦੇਸ਼ਾਂ ’ਚ ਰਹਿ ਰਹੇ ਭਾਰਤੀਆਂ ਦੀ ਸੁਰੱਖਿਆ ਲਈ ਪੱਕੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਇਹ ਸਿਰਫ 104 ਭਾਰਤੀ ਨਾਗਰਿਕਾਂ ਦਾ ਮਾਮਲਾ ਨਹੀਂ, ਸਗੋਂ ਭਾਰਤ ਦੇ ਆਨ-ਬਾਨ-ਸ਼ਾਨ ਨਾਲ ਜੁੜਿਆ ਮਾਮਲਾ ਹੈ।
