ਗੁਜਰਾਤ ਦਾ ਰਹਿਣ ਵਾਲਾ ਸੀ ਪ੍ਰਦੀਪ ਪਟੇਲ
ਅਮਰੀਕਾ ਵਿਚ ਭਾਰਤੀ ਮੂਲ ਦੇ ਪ੍ਰਦੀਪ ਪਟੇਲ ਤੇ ਉਨ੍ਹਾਂ ਦੀ ਧੀ ਉਰਮੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੁਜਰਾਤ ਦੇ ਮਹਿਸਾਣਾ ਦਾ ਰਹਿਣ ਵਾਲਾ ਪ੍ਰਦੀਪ ਪਟੇਲ ਵਰਜੀਨੀਆ ਵਿਚ ਇਕ ਦੁਕਾਨ ਚਲਾਉਂਦਾ ਸੀ। ਦੁਕਾਨ ਖੋਲ੍ਹਣ ਤੋਂ ਥੋੜ੍ਹੀ ਦੇਰ ਬਾਅਦ ਹੀ ਹਮਲਾਵਰ ਨੇ ਉਸ ’ਤੇ ਹਮਲਾ ਕਰ ਦਿਤਾ। ਧੀ ਨੂੰ ਵੀ ਗੋਲੀ ਲੱਗੀ। 56 ਸਾਲਾ ਪ੍ਰਦੀਪ ਪਟੇਲ ਦੀ ਮੌਕੇ ’ਤੇ ਹੀ ਗੋਲੀ ਲੱਗਣ ਕਾਰਨ ਮੌਤ ਹੋ ਗਈ, ਜਦੋਂ ਕਿ ਉਸ ਦੀ 24 ਸਾਲਾ ਧੀ ਉਰਮੀ ਦੀ 2 ਦਿਨ ਬਾਅਦ ਹਸਪਤਾਲ ਵਿਚ ਮੌਤ ਹੋ ਗਈ।
ਪੁਲਿਸ ਨੇ ਇਸ ਘਟਨਾ ਦੇ ਸਬੰਧ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ ਪਿਉ-ਧੀ ’ਤੇ ਹਮਲਾ ਕਿਉਂ ਕੀਤਾ, ਇਸ ਬਾਰੇ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਪੀੜਤ ਪਰਿਵਾਰ ਕਨੋਦਾ, ਮਹਿਸਾਣਾ, ਗੁਜਰਾਤ ਦਾ ਰਹਿਣ ਵਾਲਾ ਹੈ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਵਿਅਕਤੀ ਨੇ ਦੱਸਿਆ ਕਿ 20 ਮਾਰਚ ਨੂੰ ਸਵੇਰੇ 5 ਵਜੇ ਦੇ ਕਰੀਬ ਜਿਵੇਂ ਹੀ ਉਸਨੇ ਆਪਣੀ ਦੁਕਾਨ ਖੋਲ੍ਹੀ ਤਾਂ ਇਕ ਵਿਅਕਤੀ ਅੰਦਰ ਦਾਖਲ ਹੋਇਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪ੍ਰਦੀਪ ਤੇ ਉਰਮੀ ਦੋਵਾਂ ਨੂੰ ਗੋਲੀ ਲੱਗੀ।
ਦੋਸ਼ੀ ਦੀ ਪਛਾਣ ਜਾਰਜ ਫਰੇਜ਼ੀਅਰ ਡੇਵੋਨ ਵਾਰਟਨ ਵਜੋਂ ਹੋਈ ਹੈ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰਦੀਪ ਪਟੇਲ ਵਿਜ਼ਟਰ ਵੀਜ਼ੇ ’ਤੇ ਅਮਰੀਕਾ ਗਿਆ ਸੀ। ਪ੍ਰਦੀਪ ਦੇ ਭਰਾ ਅਸ਼ੋਕ ਪਟੇਲ ਨੇ ਕਿਹਾ, ਪ੍ਰਦੀਪ ਦੇ ਪਰਿਵਾਰ ਵਿਚ ਉਸ ਦੀ ਪਤਨੀ, ਦੋ ਧੀਆਂ ਅਤੇ ਇਕ ਪੁੱਤਰ ਹੈ। ਦੋਵੇਂ ਧੀਆਂ ਗੁਜਰਾਤੀ ਪਰਿਵਾਰਾਂ ਵਿਚ ਵਿਆਹੀਆਂ ਗਈਆਂ ਹਨ। ਉਨ੍ਹਾਂ ਦਾ ਪੁੱਤਰ ਕੈਨੇਡਾ ਵਿਚ ਕੰਮ ਕਰਦਾ ਹੈ। ਉਰਮੀ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ।
