ਜਹਾਜ਼ ਵਿਚ 60 ਯਾਤਰੀ ਸਨ ਸਵਾਰ, ਵਾਸ਼ਿੰਗਟਨ ਏਅਰਪੋਰਟ ਬੰਦ
ਅਮਰੀਕਾ ਵਿਚ ਵਾਸ਼ਿੰਗਟਨ ਡੀਸੀ ਦੇ ਨੇੜੇ ਰੀਗਨ ਵਾਸ਼ਿੰਗਟਨ ਨੈਸ਼ਨਲ ਏਅਰਪੋਰਟ (ਡੀ.ਸੀ.ਏ.) ਨੇੜੇ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਿਆ ਹੈ। ਪੀ. ਐੱਸ. ਏ. ਏਅਰਲਾਈਨਜ਼ ਦਾ ਇਕ ਯਾਤਰੀ ਜਹਾਜ਼ ਹਵਾ ਵਿਚ ਇਕ ਫੌਜ ਦੇ ਹੈਲੀਕਾਪਟਰ ਨਾਲ ਟਕਰਾ ਗਿਆ ਅਤੇ ਨਦੀ ਵਿਚ ਡਿੱਗ ਗਿਆ। ਏਅਰਲਾਈਨ ਸੂਤਰਾਂ ਅਨੁਸਾਰ ਜਹਾਜ਼ ਵਿੱਚ 60 ਯਾਤਰੀ ਸਵਾਰ ਸਨ। ਪੀ. ਐੱਸ. ਏ. ਏਅਰਲਾਈਨਜ਼ ਅਮਰੀਕਨ ਏਅਰਲਾਈਨਜ਼ ਦੀ ਇਕ ਸਹਾਇਕ ਕੰਪਨੀ ਹੈ।
ਹਾਦਸੇ ਤੋਂ ਬਾਅਦ ਵਾਸ਼ਿੰਗਟਨ ਡੀਸੀ ਹਵਾਈ ਅੱਡੇ ‘ਤੇ ਸਾਰੇ ਟੇਕਆਫ ਅਤੇ ਲੈਂਡਿੰਗ ਰੋਕ ਦਿੱਤੀਆਂ ਗਈਆਂ ਹਨ। ਇਸੇ ਮੁੱਦੇ ‘ਤੇ ਅਮਰੀਕੀ ਸੈਨੇਟਰ ਟੇਡ ਕਰੂਜ਼ ਨੇ ਟਵੀਟ ਕੀਤਾ ਕਿ ਹਾਦਸੇ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ, ਮੌਤਾਂ ਦੀ ਸਹੀ ਗਿਣਤੀ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।
ਅਮਰੀਕਨ ਏਅਰਲਾਈਨਜ਼ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਅਸੀਂ ਇਸ ਮਾਮਲੇ ਤੋਂ ਜਾਣੂ ਹਾਂ, ਜਿਸ ਵਿਚ ਜਾਣਕਾਰੀ ਸਾਹਮਣੇ ਆਈ ਹੈ ਕਿ ਪੀ. ਐੱਸ. ਏ, ਦੁਆਰਾ ਸੰਚਾਲਿਤ ਅਮਰੀਕਨ ਈਗਲ ਫਲਾਈਟ 5342 ਕਰੈਸ਼ ਹੋ ਗਿਆ ਹੈ। ਇਸ ਬਾਰੇ ਹੋਰ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ।
ਰਾਹਤ ਅਤੇ ਬਚਾਅ ਕਾਰਜ ਜਾਰੀ
ਘਟਨਾ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਇਸ ਦੌਰਾਨ ਨਦੀ ਵਿਚ ਡਿੱਗੇ ਜਹਾਜ਼ ਦੇ ਮਲਬੇ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ, ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ।