ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੀ ਸੀ ਬੱਸ, ਪੁਲਿਸ ਨੇ ਜਾਂਚ ਸ਼ੁਰੂ ਕੀਤੀ
ਖਰੜ : ਮੋਹਾਲੀ ਜ਼ਿਲ੍ਹੇ ਦੇ ਸ਼ਹਿਰ ਖਰੜ ਵਿਚ ਹਿਮਾਚਲ ਪ੍ਰਦੇਸ਼ ਰੋਡਵੇਜ਼ ਦੀ ਬੱਸ ’ਤੇ ਹਮਲਾ ਕੀਤਾ ਗਿਆ ਹੈ। ਮੰਗਲਵਾਰ ਸ਼ਾਮ ਸਮੇਂ ਵਾਪਰੀ ਇਸ ਘਟਨਾ ’ਚ ਹਮਲਾਵਰ ਇਕ ਕਾਰ ’ਚ ਸਵਾਰ ਹੋ ਕੇ ਆਏ ਸਨ।
ਬੱਸ ਦੇ ਡਰਾਈਵਰ ਮੁਤਾਬਕ ਖਰੜ ਫ਼ਲਾਈਓਵਰ ’ਤੇ ਦੋ ਜਣੇ ਆਲਟੋ ਵਿੱਚ ਸਵਾਰ ਹੋ ਕੇ ਬੱਸ ਦੇ ਅੱਗੇ ਆ ਗਏ ਅਤੇ ਰੁਕਣ ਦਾ ਇਸ਼ਾਰਾ ਕਰ ਕੇ ਬੱਸ ਰੋਕ ਲਈ। ਜਦੋਂ ਬੱਸ ਰੁਕ ਗਈ ਤਾਂ ਦੋਵੇਂ ਅਚਾਨਕ ਗੱਡੀ ’ਚੋਂ ਡੰਡੇ ਲੈ ਕੇ ਬਾਹਰ ਨਿਕਲੇ ਅਤੇ ਬੱਸ ਦੇ ਸ਼ੀਸ਼ੇ ਤੋੜ ਦਿਤੇ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਕਿਸੇ ਸਵਾਰੀ ਦਾ ਕੋਈ ਨੁਕਸਾਨ ਨਹੀਂ ਹੋਇਆ।
ਬੱਸ ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੀ ਸੀ। ਪੁਲਿਸ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।
