ਫਾਈਟਰ ਟ੍ਰੇਨਿੰਗ ’ਚ ਪੂਰੇ ਭਾਰਤ ’ਚੋਂ ਪ੍ਰਾਪਤ ਕੀਤੀ ਪਹਿਲੀ ਪੁਜ਼ੀਸ਼ਨ
ਪੰਜਾਬ ਦੇ ਪੁੱਤਰ ਨੇ ਪੂਰੇ ਭਾਰਤ ਵਿਚ ਕਾਰਨਾਟਕ ਵਿਖੇ ਹੋਈ ਫਾਈਟਰ ਟੇਨਿੰਗ ਦੌਰਾਨ ਪਹਿਲਾ ਸਥਾਨ ਪ੍ਰਾਪਤ ਕਰ ਕੇ ਜਿਥੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ, ਉਥੇ ਹੀ ਇਹ ਪੂਰੇ ਪੰਜਾਬ ਲਈ ਵੀ ਮਾਣ ਵਾਲੀ ਗੱਲ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਕਪੂਰਥਲਾ ਦੇ ਰਹਿਣ ਵਾਲੇ ਨੌਜਵਾਨ ਹਰਜੋਤ ਸਿੰਘ ਨੇ ਐੱਨ. ਡੀ. ਏ. ਟੈਸਟ ਪਾਸ ਕਰਨ ਉਪਰੰਤ ਕਰੀਬ 4 ਸਾਲ ਏਅਰ ਫੋਰਸ ਅਕੈਡਮੀ ’ਚ ਟ੍ਰੇਨਿੰਗ ਕੀਤੀ। ਪਿਛਲੇ ਦਿਨੀਂ ਕਰਨਾਟਕ ਵਿਖੇ ਉਸ ਨੇ ਫਾਈਟਰ ਟ੍ਰੇਨਿੰਗ ’ਚ ਪੂਰੇ ਭਾਰਤ ’ਚੋਂ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ।
ਇਸ ਤੋਂ ਬਾਅਦ ਉਸ ਨੂੰ ਭਾਰਤ ਦਾ ਮੁੱਖ ਰਾਫੇਲ ਜਹਾਜ਼ ਚਲਾਉਣ ਲਈ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਰਾਫੇਲ ਜਹਾਜ਼ ਭਾਰਤ ਦਾ ਇਕੋ-ਇਕ ਸਭ ਤੋਂ ਮੁੱਖ ਜਹਾਜ਼ ਹੈ, ਜਿਸ ਨੂੰ ਚਲਾਉਣ ਵਾਸਤੇ ਬਹੁਤ ਵੱਡੇ ਮੁਕਾਬਲਿਆਂ ’ਚੋਂ ਲੰਘਣਾ ਪੈਂਦਾ ਹੈ।
ਇਸ ਨੌਜਵਾਨ ਦੇ ਪਿਤਾ ਸੁਖਵਿੰਦਰ ਸਿੰਘ, ਡੀ. ਐੱਸ. ਪੀ. ਦੇ ਅਹੁਦੇ ਤੇ ਪੰਜਾਬ ਵਿਜੀਲੈਂਸ ਬਿਊਰੋ ਪਠਾਨਕੋਟ ਵਿਖੇ ਸੇਵਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੇ ਬੇਟੇ ਦਾ ਬਚਪਨ ਤੋਂ ਹੀ ਏਅਰ ਫੋਰਸ ਵਿਚ ਪਾਇਲਟ ਬਣਦਾ ਸੁਪਨਾ ਸੀ ਅਤੇ ਉਸ ਇਸ ਸੁਪਨੇ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੇ ਬੇਟੇ ਨੇ ਪੰਜਾਬ ਦੀ ਨੌਜਵਾਨ ਪੀੜੀ ਲਈ ਇਕ ਮਿਸਾਲ ਪੇਸ਼ ਕੀਤੀ ਹੈ।
