ਐਕਸਪ੍ਰੈੱਸ ਵੇਅ ਦੇ ਪੁੱਲ ਹੇਠ ਸਪੀਡ ਬਰੇਕਰ ਨਜ਼ਰ ਨਾ ਆਉਣ ਕਾਰਨ ਗੱਡੀ ਪਲਟੀ, 3 ਜ਼ਖ਼ਮੀ
ਭਵਾਨੀਗੜ੍ਹ : ਅੱਜ ਸਵੇਰੇ ਪਈ ਸੰਘਣੀ ਧੁੰਦ ਕਾਰਨ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇ ਉਪਰ ਪੈਂਦੇ ਪਿੰਡ ਰੌਸ਼ਨਵਾਲਾ ਨੇੜੇ ਨਿਰਮਾਣ ਅਧੀਨ ਦਿੱਲੀ ਕਟੜਾ ਐਕਸਪ੍ਰੈੱਸ ਵੇਅ ਦੇ ਪੁੱਲ ਹੇਠ ਸਪੀਡ ਬਰੇਕਰ ਨਜ਼ਰ ਨਾ ਆਉਣ ਕਾਰਨ ਬੇਕਾਬੂ ਹੋ ਕੇ ਇਕ ਗੱਡੀ ਪਲਟ ਗਈ, ਜਿਸ ਕਾਰਨ ਗੱਡੀ ਸਵਾਰ 3 ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋ ਗਏ।
ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਉਪਰ ਪੈਂਦੇ ਪਿੰਡ ਰੌਸ਼ਨਵਾਲਾ ਨੇੜੇ ਬਣ ਰਹੀ ਦਿੱਲੀ ਕਟੜਾ ਐਕਸਪ੍ਰੈਸ ਵੇਅ ਦੇ ਪੁੱਲ ਹੇਠਾਂ ਇਕ ਗੱਡੀ ਹਾਦਸਾਗ੍ਰਸਤ ਹੋ ਗਈ ਸੀ। ਇਸ ਹਾਦਸੇ ’ਚ 3 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਦੀ ਪਛਾਣ ਅਨਿਲ ਕੁਮਾਰ ਪੁੱਤਰ ਰਮੇਸ਼ ਕੁਮਾਰ, ਰਜਤ ਕੁਮਾਰ ਪੁੱਤਰ ਕਮਲ ਕਿਸ਼ੋਰ, ਅਭਿਨਵ ਸ਼ਰਮਾ ਪੁੱਤਰ ਰਮੇਸ਼ ਚੰਦ ਸਾਰੇ ਵਾਸੀ ਸੁੰਦਰਬਣੀ (ਜੰਮੂ) ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ।
ਇਸ ਘਟਨਾ ਸਬੰਧੀ ਗੱਡੀ ’ਚ ਸਵਾਰ ਅਨਿਲ ਕੁਮਾਰ ਨੇ ਦੱਸਿਆ ਕਿ ਸੰਘਣੀ ਧੁੰਦ ਕਾਰਨ ਕੁਝ ਨਜ਼ਰ ਨਹੀਂ ਸੀ ਆ ਰਿਹਾ, ਜਿਸ ਕਾਰਨ ਇਥੇ ਬਣ ਰਹੇ ਹਾਈਵੇ ਦੇ ਪੁੱਲ ਕਾਰਨ ਬਣਾਏ ਗਏ ਸਪੀਡ ਬਰੇਕਰਾਂ ਉਪਰ ਕੋਈ ਵੀ ਰਿਫ਼ਲੈਕਟਰ ਵਗੈਰਾ ਨਾ ਹੋਣ ਕਾਰਨ ਚਾਲਕ ਨੂੰ ਇਹ ਸਪੀਡ ਬਰੇਕਰ ਨਜ਼ਰ ਨਹੀਂ ਆਏ, ਜਿਸ ਕਾਰਨ ਕਾਰਨ ਗੱਡੀ ਇਥੇ ਬੇਕਾਬੂ ਹੋ ਕੇ ਪਲਟ ਗਈ।
