ਬੇਕਾਬੂ ਕਾਰ ਡਿਵਾਈਡਰ ਨਾਲ ਟਕਰਾਈ, ਪਿਤਾ ਸਮੇਤ 2 ਪੁੱਤਰਾਂ ਦੀ ਮੌਤ, ਪੋਤਰਾ ਜ਼ਖਮੀ
ਰਾਮਾਂ ਮੰਡੀ :- ਜ਼ਿਲਾ ਬਠਿੰਡਾ ਦੇ ਕਸਬਾ ਰਾਮਾਂ ਮੰਡੀ ਦੇ ਇਕ ਨਾਮੀ ਇਕੋ ਪਰਿਵਾਰ ਦੇ 3 ਜੀਆਂ ਦੀ ਸੜਕ ਹਾਦਸੇ ’ਚ ਮੌਤ ਹੋਣ ਜਾਣ ਤੋਂ ਬਾਅਦ ਰਾਮਾਂ ਮੰਡੀ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਰਾਮਾਂ ਮੰਡੀ ਦੇ ਇਕ ਨਾਮੀ ਵਪਾਰੀ ਰਵੀ ਕੁਮਾਰ ਅਤੇ ਨੀਟੂ ਆਪਣੇ ਪਿਤਾ ਕ੍ਰਿਸ਼ਨ ਲਾਲ ਜੀ ਦੇ ਇਲਾਜ ਲਈ ਚੰਡੀਗੜ੍ਹ ਵਿਖੇ ਆਪਣੀ ਕਾਰ ’ਤੇ ਜਾ ਰਹੇ ਹਨ, ਜਿਸਨੂੰ ਕ੍ਰਿਸ਼ਨ ਲਾਲ ਜੀ ਦਾ ਪੋਤਰਾ ਚਲਾ ਰਿਹਾ ਸੀ।
ਸੰਗਰੂਰ-ਪਾਤੜਾ ਰੋਡ ’ਤੇ ਅਚਾਨਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਇਹ ਕਾਰ ਰੋਡ ’ਤੇ ਬਣੇ ਡੀ-ਵਾਈਡਰ ਨਾਲ ਜਾ ਟਕਰਾਈ ਅਤੇ ਕਾਰ ’ਚ ਸਵਾਰ ਰਵੀ ਕੁਮਾਰ, ਉਸਦਾ ਭਰਾ ਨੀਟੂ ਅਤੇ ਉਨ੍ਹਾਂ ਦੇ ਪਿਤਾ ਕ੍ਰਿਸ਼ਨ ਲਾਲ ਜੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਕਾਰ ਚਲਾ ਰਿਹਾ ਕ੍ਰਿਸ਼ਨ ਲਾਲ ਦਾ ਪੋਤਰਾ ਕਰਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸਨੂੰ ਆਸ-ਪਾਸ ਦੇ ਲੋਕਾਂ ਨੇ ਇਸਦੀ ਇਤਲਾਹ ਪੁਲਸ ਅਤੇ ਸਬੰਧਤ ਪਰਿਵਾਰ ਨੂੰ ਦਿੱਤੀ। ਜਦੋਂ ਕਿ ਜ਼ਖਮੀ ਨੌਜਵਾਨ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ।
ਸੜਕ ਹਾਦਸੇ ’ਚ ਉਕਤ ਵਪਾਰੀਆਂ ਦੀ ਮੌਤ ਕਾਰਨ ਸ਼ਹਿਰ ’ਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ। ਮ੍ਰਿਤਕਾਂ ਦਾ ਅੰਤਿਮ ਸੰਸਕਾਰ ਅੱਜ 9 ਅਪ੍ਰੈਲ ਨੂੰ ਰਾਮਾਂ ਮੰਡੀ ਰਾਮਬਾਗ ਵਿਖੇ ਕੀਤਾ ਜਾਵੇਗਾ। ਰਾਮਾਂ ਮੰਡੀ ਦੀਆਂ ਵਪਾਰਕ ਜਥੇਬੰਦੀਆਂ ਨੇ ਰਾਮਾਂ ਮੰਡੀ ’ਚ ਸਸਕਾਰ ਟਾਈਮ ਆਪਣੀਆਂ ਆਪਣੀਆਂ ਦੁਕਾਨਾਂ ਅਤੇ ਹੋਰ ਵਪਾਰਕ ਅਦਾਰੇ ਬੰਦ ਰੱਖਣ ਦੀ ਅਪੀਲ ਕੀਤੀ ਹੈ।
