ਸ੍ਰੀ ਅਕਾਲ ਤਖਤ ਸਾਹਿਬ ’ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ 8 ਮਤੇ ਪਾਸ

ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੀਆਂ ਪੰਥਕ ਸੇਵਾਵਾਂ ’ਤੇ ਲਗਾਈ ਰੋਕ

ਅੰਮ੍ਰਿਤਸਰ :- ਸ੍ਰੀ ਅਕਾਲ ਤਖਤ ਸਾਹਿਬ ’ਤੇ ਪੰਜ ਸਿੰਘ ਸਾਹਿਬਾਨ ਦੀ ਹੋਈ ਬੈਠਕ ਦੌਰਾਨ ਵੱਖ-ਵੱਖ ਮਤੇ ਪਾਸ ਕੀਤੇ ਗਏ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿਚ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਿਆਨੀ ਮੰਗਲ ਸਿੰਘ ਹਾਜ਼ਰ ਹੋਏ।
ਇਕੱਤਰਤਾ ਵਿਚ ਜਿੱਥੇ ਪੰਥਕ ਧਾਰਮਿਕ ਅਤੇ ਸਮਾਜਿਕ ਗੱਲਾਂ ’ਤੇ ਵਿਚਾਰ ਚਰਚਾ ਹੋਈ, ਉੱਥੇ ਹੀ ਪੰਜ ਸਿੰਘ ਸਾਹਿਬਾਨ ਨੇ ਸਰਬਸੰਮਤੀ ਨਾਲ 8 ਮਤੇ ਪਾਸ ਕੀਤੇ।
ਗੱਲਬਾਤ ਕਰਦਿਅਾਂ ਸਿੰਘ ਸਾਹਿਬਾਨ ਨੇ ਆਖਿਆ ਕਿ ਗੁਰਪੁਰਵਾਸੀ ਗਿਆਨੀ ਮਲਕੀਤ ਸਿੰਘ ਜੀ (ਖਡੂਰ), ਸਾਬਕਾ ਪੰਜ ਪਿਆਰੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੁਰਬਾਣੀ ਸੰਥਿਆ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਪਰਿਵਾਰ (ਸਿੰਘਣੀ) ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨ ਕੀਤੇ ਜਾਣ ਦਾ ਮਤਾ ਪਾਸ ਕੀਤਾ।
ਇਸ ਦੇ ਨਾਲ ਹੀ ਪੰਜ ਸਿੰਘ ਸਾਹਿਬਾਨ ਵੱਲੋਂ ਸਰਬਸੰਮਤੀ ਨਾਲ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਵੱਲੋਂ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਫਰ-ਏ-ਸ਼ਹਾਦਤ ਰਾਹੀਂ ਪ੍ਰਚਾਰ ਕਰਦਿਆਂ ਕੀਤੀਆਂ ਸੇਵਾਵਾਂ ਦੇ ਮੱਦੇਨਜ਼ਰ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ, ਸਬੰਧੀ ਦੂਸਰਾ ਮਤਾ ਪਾਸ ਕੀਤਾ।
ਉਨ੍ਹਾਂ ਆਖਿਆ ਕਿ ਤੀਸਰੇ ਮਤੇ ਵਿਚ ਇਹ ਫੈਸਲਾ ਕੀਤਾ ਕਿ ਹਰ ਗੁਰਸਿੱਖ ਜਿਥੇ ਨਿਤਨੇਮ ਕਰਦਾ ਹੈ, ਉਥੇ ਹੀ ਪ੍ਰੇਰਣਾ ਦਿੱਤੀ ਜਾਂਦੀ ਹੈ ਕਿ ਆਪਣੇ ਘਰ ਅੰਦਰ ਸੌਣ ਤੋਂ ਅੱਧਾ ਘੰਟਾ ਪਹਿਲਾਂ ਗੁਰੂ ਇਤਿਹਾਸ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਸਾਖੀਆਂ ਸੁਣਾਉਣ ਦੀ ਰਵਾਇਤ ਮੁੜ ਸੁਰਜੀਤ ਕਰੇ ਤਾਂ ਕਿ ਬੱਚਿਆਂ ਨੂੰ ਸਿੱਖ ਕਦਰਾਂ ਕੀਮਤਾਂ ਦਾ ਵੱਧ ਤੋਂ ਵੱਧ ਗਿਆਨ ਹੋ ਸਕੇ ਤੇ ਸਿੱਖੀ ਨਾਲ ਪਿਆਰ ਵੱਧ ਸਕੇ।
ਇਸੇ ਤਰ੍ਹਾਂ ਚੌਥੇ ਮਤੇ ਵਿਚ ਸਮੁੱਚੇ ਸਿੱਖ ਜਗਤ ਨੂੰ ਪ੍ਰੇਰਣਾ ਕੀਤੀ ਗਈ ਕਿ ਹਰ ਸਿੱਖ ਅੰਤਿਮ ਅਰਦਾਸ ਸਮੇਂ ਸਾਦੇ ਲੰਗਰ ਤਿਆਰ ਕਰ ਕੇ ਗੁਰੂ ਕੇ ਲੰਗਰ ਦੀ ਮੂਲ ਭਾਵਨਾ ਤੇ ਰਵਾਇਤਾਂ ਅਨੁਸਾਰ ਪਹਿਰਾ ਦੇਵੇ। ਇਸ ਲਈ ਇਹ ਖਰਚ ਲੋੜਵੰਦ ਬੱਚਿਆਂ ਦੀ ਮਦਦ ’ਤੇ ਲਗਾਇਆ ਜਾਵੇ।
ਪੰਜਵੇਂ ਮਤੇ ਵਿਚ ਸਿੰਘ ਸਾਹਿਬਾਨ ਵੱਲੋਂ ਫੈਸਲਾ ਕੀਤਾ ਗਿਆ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਪਹਿਲਾਂ ਮਿਤੀ 32 ਹਾੜ ਨਾਨਕਸ਼ਾਹੀ ਸੰਮਤ 556 ਮੁਤਬਿਕ 15 ਜੁਲਾਈ 2024 ਨੂੰ ਮਤਾ ਨੰਬਰ 04 ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਪਾਸੋਂ ਬੀਤੇ ਸਮੇਂ ਵਿਚ ਉਨ੍ਹਾਂ ਵੱਲੋਂ ਕੀਤੀਆਂ ਗਲਤੀਆਂ ਲਈ ਤਨਖਾਹ ਲਗਾਈ ਗਈ ਸੀ, ਜਿਸ ਵਿਚ ਉਨ੍ਹਾਂ ਨੇ ਭੁੱਲ ਬਖਸ਼ਾਈ ਸੀ ਪਰੰਤੂ ਉਸ ਤੋਂ ਬਾਅਦ ਵੀ ਉਨ੍ਹਾਂ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਪਾਸ ਸ਼ਿਕਾਇਤਾਂ ਆ ਰਹੀਆਂ ਹਨ ਅਤੇ ਬਹੁਤ ਗੰਭੀਰ ਇਲਜ਼ਾਮ ਲੱਗੇ ਹਨ। ਇਸ ਲਈ ਜਦੋਂ ਤੱਕ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਪੱਖ ਨਹੀਂ ਰੱਖਦੇ ਤੇ ਲੱਗੇ ਇਲਜ਼ਾਮਾਂ ਤੋਂ ਸੁਰਖਰੂ ਨਹੀਂ ਹੋ ਜਾਂਦੇ, ਉਦੋਂ ਤੱਕ ਉਹ ਪੰਥਕ ਸਰਗਰਮੀਆਂ ਅਤੇ ਸਮਾਗਮਾਂ ਵਿਚ ਸ਼ਮੂਲੀਅਤ ਤੋਂ ਗੁਰੇਜ਼ ਕਰਨ। ਇਨ੍ਹਾਂ ਦੀਆਂ ਪੰਥਕ ਸੇਵਾਵਾਂ ’ਤੇ ਰੋਕ ਲਗਾਈ ਜਾਂਦੀ ਹੈ।
ਇਕੱਤਰਤਾ ਦੌਰਾਨ ਛੇਵਾਂ ਮਤਾ ਪਾਸ ਕਰਨ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਮਹਿਸੂਸ ਕੀਤਾ ਗਿਆ ਕਿ ਅੱਜ ਪੰਜਾਬ ਵਿਚ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਦੀ ਅਤਿ ਲੋੜ ਹੈ ਤਾਂ ਜੋ ਹਰ ਸਿੱਖ ਗੁਰੂ ਸਾਹਿਬ ਜੀ ਦੇ ਫਲਸਫੇ ਤੋਂ ਜਾਣੂ ਹੋ ਸਕੇ। ਇਸ ਲਈ ਵਿਸ਼ਵ ਭਰ ਦੀਆਂ ਸਿੱਖ ਸੰਸਥਾਵਾਂ ਦੇ ਪੰਥ ਪ੍ਰਸਿੱਧ ਪ੍ਰਚਾਰਕ, ਰਾਗੀ, ਢਾਡੀ ਤੇ ਕਵੀਸ਼ਰ ਸਾਹਿਬਾਨ ਆਪਣੇ ਦੇਸ਼-ਵਿਦੇਸ਼ ਦੇ ਦੌਰਿਆਂ ਤੋਂ ਇਲਾਵਾ ਪੰਜਾਬ ਮੁੜਣ ਅਤੇ ਅਗਲੇ 4 ਮਹੀਨੇ ਪੰਜਾਬ ਦੇ 10 ਪਿੰਡ ਚੁਣ ਕੇ ਉਨ੍ਹਾਂ ਵਿਚ ਸਮਰਪਿਤ ਹੋ ਕੇ ਪ੍ਰਚਾਰ ਕਰਨ।
ਸਿੰਘ ਸਾਹਿਬ ਨੇ ਆਖਿਆ ਕਿ ਭਾਵੇਂ ਕਿ ਇਹ ਕਠਿਨ ਹੈ ਪਰ ਅਸੀਂ ਗੁਰੂ ਪਾਤਸ਼ਾਹ ਦਾ ਉਟ ਆਸਰਾ ਲੈ ਕੇ ਅਤੇ ਉਨ੍ਹਾਂ ਵੱਲੋਂ ਪਾਏ ਪੂਰਨਿਆਂ ’ਤੇ ਚੱਲਦਿਆ ਇਸ ਕਾਰਜ ਵਿਚ ਫਤਿਹ ਪਾ ਸਕਦੇ ਹਾਂ।
ਇਸੇ ਤਰ੍ਹਾਂ ਸੱਤਵੇਂ ਮਤੇ ਨੂੰ ਪਾਸ ਕਰਦਿਆਂ ਪੰਜ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਤੀ 32 ਜੇਠ ਸੰਮਤ ਨਾਨਕਸ਼ਾਹੀ 550 ਮੁਤਾਬਿਕ 14 ਜੂਨ 2018 ਨੂੰ ਮਤਾ ਨੰਬਰ 01 ਦੀ ਰੋਸ਼ਨੀ ਵਿਚ ਵਿਚਾਰ ਅੱਗੇ ਵਧਾਉਂਦਿਆਂ ਫੈਸਲਾ ਕੀਤਾ ਕਿ ਗੁਰਦੁਆਰਾ ਸਾਹਿਬਾਨ ਵਿਚ ਸੇਵਾ ਨਿਭਾਉਣ ਵਾਲੇ ਗ੍ਰੰਥੀ ਸਿੰਘ, ਕੀਰਤਨੀਏ ਸਿੰਘ ਅਤੇ ਸੇਵਾਦਾਰਾਂ ਦੇ ਪਰਿਵਾਰਾਂ ਦਾ ਚੰਗਾ ਪਾਲਣ-ਪੋਸ਼ਣ ਅਤੇ ਬੱਚਿਆਂ ਦੀ ਪੜ੍ਹਾਈ ਵੱਲ ਨਗਰ ਦੀਆਂ ਸੰਗਤਾਂ, ਗੁਰਦੁਆਰਾ ਕਮੇਟੀਆਂ ਚੰਗੀ ਤਰ੍ਹਾਂ ਧਿਆਨ ਦੇਣ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਮਤੇ ਤੋਂ ਬਾਅਦ ਭਾਵੇਂ ਕਿ ਕਈ ਗੁਰੂ ਘਰਾਂ ਦੇ ਗ੍ਰੰਥੀ ਸਿੰਘ, ਕੀਰਤਨੀਏ ਸਿੰਘ ਅਤੇ ਸੇਵਾਦਾਰਾਂ ਦਾ ਮਾਨ ਸਨਮਾਨ ਕੀਤਾ ਗਿਆ ਹੈ ਪਰੰਤੂ ਅਜੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ।
ਪੰਜ ਸਿੰਘ ਸਾਹਿਬਾਨ ਨੇ ਇਹ ਵੀ ਫੈਸਲਾ ਕੀਤਾ ਕੇ 01 ਵੈਸਾਖ ਨਾਨਕਸ਼ਾਹੀ ਸੰਮਤ 557 ਮੁਤਾਬਿਕ 13 ਅਪ੍ਰੈਲ 2025 ਨੂੰ ਖਾਲਸੇ ਦੇ ਸਾਜਨਾ ਦਿਹਾੜਾ ਮਨਾਇਆ ਜਾ ਰਿਹਾ ਹੈ। ਸਮੁੱਚੀ ਦੁਨੀਆ ਵਿਚ ਇਸ ਦਿਨ ਵਿਸ਼ੇਸ਼ ਗੁਰਮਤਿ ਸਮਾਗਮ ਅਤੇ ਵੱਡੇ ਪੱਧਰ ’ਤੇ ਅੰਮ੍ਰਿਤ ਸੰਚਾਰ ਦੇ ਪ੍ਰਬੰਧ ਕੀਤੇ ਜਾਣ।
ਤਖ਼ਤ ਸਾਹਿਬਾਨ ’ਤੇ ਵੀ ਅੰਮ੍ਰਿਤ ਸੰਚਾਰ ਕਰਵਾਏ ਜਾ ਰਹੇ ਹਨ, ਸੰਗਤ ਵੱਧ ਤੋਂ ਵੱਧ ਲਾਹਾ ਲੈ ਕੇ ਗੁਰੂ ਵਾਲੀ ਬਣੇ। ਵੈਸਾਖੀ ਵਾਲੇ ਦਿਨ ਖਾਲਸੇ ਦੀ ਸਾਜਨਾ ਕਰ ਕੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਾਂਝਾ ਪਰਿਵਾਰ ਬਣਾਇਆ ਹੈ, ਅਸੀਂ ਇਕ ਦੂਜੇ ਦੇ ਦੁੱਖ-ਸੁੱਖ ਵਿਚ ਸ਼ਾਮਲ ਹੋਈਏ ਅਤੇ ਸਮੁੱਚੀ ਦੁਨੀਆ ਵਿਚ ਇਕ ਪਰਿਵਾਰ ਵਾਂਗ ਵਿਚਰਦਿਆਂ ਇਸ ਸਿਧਾਂਤ ’ਤੇ ਪਹਿਰਾ ਦਈਏ।

Leave a Reply

Your email address will not be published. Required fields are marked *