ਸੀ. ਬੀ. ਆਈ. ਦੇ ਅੜਿੱਕੇ ਆਇਆ ਏ. ਐੱਸ. ਆਈ.

4500 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਫੜਿਆ

ਚੰਡੀਗੜ੍ਹ ਪੁਲਿਸ ਵਿਚ ਭ੍ਰਿਸ਼ਟਾਚਾਰ ‘ਤੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੀ ਪਕੜ ਲਗਾਤਾਰ ਮਜ਼ਬੂਤ ​​ਹੁੰਦੀ ਜਾ ਰਹੀ ਹੈ। ਇਸ ਦੌਰਾਨ ਸੀ. ਬੀ. ਆਈ. ਨੇ ਏ. ਐੱਸ. ਆਈ. ਨੂੰ 4500 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਹ ਇਕ ਮਹੀਨੇ ਵਿਚ ਚੰਡੀਗੜ੍ਹ ਪੁਲਿਸ ‘ਤੇ ਸੀ. ਬੀ. ਆਈ. ਦਾ ਦੂਜਾ ਜਾਲ ਸੀ।

ਜਾਣਕਾਰੀ ਅਨੁਸਾਰ ਆਈ. ਐਸ. ਬੀ. ਟੀ-43 ਵਿਚ ਤਾਇਨਾਤ ਏ. ਐੱਸ. ਈ. ਸ਼ੇਰ ਸਿੰਘ ਨੇ ਸ਼ਿਕਾਇਤਕਰਤਾ ਤੋਂ 1.5 ਲੱਖ ਰੁਪਏ ਦੇ ਚੈੱਕ ਬਾਊਂਸ ਮਾਮਲੇ ਵਿਚ ਗ੍ਰਿਫ਼ਤਾਰੀ ਤੋਂ ਬਚਾਉਣ ਲਈ ਰਿਸ਼ਵਤ ਮੰਗੀ ਸੀ। ਸ਼ਿਕਾਇਤਕਰਤਾ ਨੇ ਸੀ. ਬੀ. ਆਈ. ਸੈਕਟਰ-30 ਵਿਚ ਸ਼ਿਕਾਇਤ ਦਰਜ ਕਰਵਾਈ। ਸੀ. ਬੀ. ਆਈ. ਨੇ ਸ਼ੇਰ ਸਿੰਘ ਵੱਲੋਂ ਰਿਸ਼ਵਤ ਮੰਗਣ ਦਾ ਮਾਮਲਾ ਦਰਜ ਕੀਤਾ ਅਤੇ ਇਕ ਵਿਚੋਲੇ ਰਾਹੀਂ ਬੀਤੀ ਸ਼ਾਮ 4:30 ਵਜੇ ਦੇ ਕਰੀਬ ਪੁਲਿਸ ਚੌਕੀ ‘ਤੇ ਹੀ ਜਾਲ ਵਿਛਾਇਆ। ਇਸ ਦੌਰਾਨ ਉਕਤ ਏ. ਐਸ. ਆਈ.  ਨੂੰ  4500 ਰੁਪਏ ਦੀ ਰਿਸ਼ਵਤ ਲੈਂਦੇ ਫੜਿਆ। ਸੀ. ਬੀ. ਆਈ. ਨੇ ਮੁਲਜ਼ਮ ਏ. ਐਸ. ਆਈ. ਸ਼ੇਰ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।

ਸੂਤਰਾਂ ਅਨੁਸਾਰ ਸੀ. ਬੀ. ਆਈ. ਕਈ ਦਿਨਾਂ ਤੋਂ ਕੁਝ ਪੁਲਿਸ ਅਧਿਕਾਰੀਆਂ ‘ਤੇ ਨਜ਼ਰ ਰੱਖ ਰਹੀ ਸੀ। ਏਜੰਸੀ ਕੋਲ ਪੁਖਤਾ ਸਬੂਤ ਸਨ, ਜਿਸ ਵਿੱਚ ਰਿਸ਼ਵਤ ਮੰਗ ਦੀ ਰਿਕਾਰਡਿੰਗ ਵੀ ਸ਼ਾਮਲ ਸੀ। ਇਹ ਮਾਮਲਾ ਇੱਕ ਅਪਰਾਧਿਕ ਮਾਮਲੇ ਨਾਲ ਸਬੰਧਤ ਹੈ ਅਤੇ ਸੀਬੀਆਈ ਅਜੇ ਵੀ ਇਸਦੀ ਜਾਂਚ ਕਰ ਰਹੀ ਹੈ।

ਡੀ. ਜੀ. ਪੀ. ਸੁਰੇਂਦਰ ਸਿੰਘ ਯਾਦਵ ਪਹਿਲਾਂ ਹੀ ਚੰਡੀਗੜ੍ਹ ਪੁਲਿਸ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਸਖ਼ਤ ਚੇਤਾਵਨੀ ਜਾਰੀ ਕਰ ਚੁੱਕੇ ਹਨ। ਅਹੁਦਾ ਸੰਭਾਲਣ ਤੋਂ ਬਾਅਦ, ਉਹ ਕਾਂਸਟੇਬਲਾਂ ਤੋਂ ਲੈ ਕੇ ਸੀਨੀਅਰ ਅਧਿਕਾਰੀਆਂ ਤੱਕ ਸਾਰਿਆਂ ਨਾਲ ਮਿਲੇ ਅਤੇ ਸਪੱਸ਼ਟ ਕੀਤਾ ਕਿ ਪੁਲਿਸ ਦਾ ਕੰਮ ਲੋਕਾਂ ਦੀ ਸੇਵਾ ਕਰਨਾ ਹੈ, ਅਪਰਾਧੀਆਂ ਨਾਲ ਮਿਲੀਭੁਗਤ ਕਰਨਾ ਨਹੀਂ। ਉਨ੍ਹਾਂ ਕਿਹਾ ਸੀ ਕਿ ਰਿਸ਼ਵਤ ਲੈਂਦੇ ਫੜੇ ਜਾਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਕ੍ਰਾਈਮ ਬ੍ਰਾਂਚ ਦੇ ਕਾਂਸਟੇਬਲ ਯੁੱਧਬੀਰ, ਡੀ. ਐਸ. ਪੀ. ਐਸ. ਪੀ. ਐਸ. ਸੰਧੀ ਅਤੇ ਤਿੰਨ ਪੁਲਿਸ ਮੁਲਾਜ਼ਮਾਂ ਓਮ ਪ੍ਰਕਾਸ਼, ਜਸਪਾਲ ਅਤੇ ਮਹਿਲਾ ਕਾਂਸਟੇਬਲ ਜਸਵਿੰਦਰ ਵਿਰੁੱਧ ਡੀਜੀਪੀ ਨੂੰ ਬਦਨਾਮ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਸੀ।

Leave a Reply

Your email address will not be published. Required fields are marked *