ਸੁਖਬੀਰ ਸਿੰਘ ਬਾਦਲ ਅਤੇ ਬਲਵਿੰਦਰ ਸਿੰਘ ਭੂੰਦੜ ਨਾਲ ਕੀਤੀ ਮੀਟਿੰਗ
ਹੁਸ਼ਿਆਰਪੁਰ :- ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ। ਅੱਜ ਸੁਖਬੀਰ ਸਿੰਘ ਬਾਦਲ ਅਤੇ ਬਲਵਿੰਦਰ ਸਿੰਘ ਭੂੰਦੜ ਨਾਲ ਮੀਟਿੰਗ ਤੋਂ ਬਾਅਦ ਐਡਵੋਕੇਟ ਧਾਮੀ ਨੇ ਕਿਹਾ ਕਿ ਉਹ ਇਕ-ਦੋ ਦਿਨਾਂ ਵਿਚ ਮੁੜ ਆਪਣਾ ਅਹੁਦਾ ਸੰਭਾਲ ਲੈਣਗੇ।
ਲਗਭਗ ਇਕ ਘੰਟਾ ਚੱਲੀ ਮੀਟਿੰਗ ਤੋਂ ਬਾਅਦ ਐਡਵੋਕੇਟ ਧਾਮੀ ਨੇ ਕਿਹਾ ਕਿ ਕਾਰਜਕਾਰਨੀ ਵੱਲੋਂ ਉਨ੍ਹਾਂ ਦਾ ਅਸਤੀਫਾ ਨਾ ਮਨਜ਼ੂਰ ਕਰਨ ਕਰ ਕੇ ਉਨ੍ਹਾਂ ਨੂੰ ਮੁੜ ਜੁਆਇਨ ਕਰਨਾ ਪੈ ਰਿਹਾ ਹੈ ਪਰ ਉਨ੍ਹਾਂ ਨੇ ਆਪਣਾ ਅਸਤੀਫਾ ਵਾਪਸ ਨਹੀਂ ਲਿਆ। ਜਦੋਂ ਉਨ੍ਹਾਂ ਤੋਂ ਸੁਖਬੀਰ ਸਿੰਘ ਬਾਦਲ ਨਾਲ ਗਿਲੇ-ਸ਼ਿਕਵਿਆਂ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਹਨ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ। ਕੁਝ ਗੱਲਾਂ ਜਿਹੜੀਆਂ ਪੰਥ ਤੇ ਪਾਰਟੀ ਦੇ ਵਡੇਰੇ ਹਿੱਤਾਂ ਕਰ ਕੇ ਸਨ ਮੇਰੀਆਂ ਜ਼ਾਤੀ ਨਹੀਂ, ਉਨ੍ਹਾਂ ’ਤੇ ਗੱਲਬਾਤ ਕਰਨੀ ਬੜੀ ਜ਼ਰੂਰੀ ਸੀ।
ਉਨ੍ਹਾਂ ਕਿਹਾ ਕਿ ਬੜੇ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਸਿੰਘ ਸਾਹਿਬਾਨ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਰ-ਵਾਰ ਮੈਨੂੰ ਅਸਤੀਫਾ ਵਾਪਸ ਲੈਣ ਲਈ ਅਪੀਲ ਕੀਤੀ ਜਾ ਰਹੀ ਸੀ। ਕੱਲ ਵੀ ਐੱਸ. ਜੀ. ਪੀ. ਸੀ. ਦੀ ਐਗਜ਼ੀਕਿਊਟਿਵ ਕਮੇਟੀ ਦੇ ਮਤੇ ਅਨੁਸਾਰ ਅਸਤੀਫਾ ਵਾਪਸ ਕਰਵਾਇਆ ਗਿਆ।
ਅਕਾਲੀ ਦਲ ਦੀ ਲੀਡਰਸ਼ਿਪ ਬਲਵਿੰਦਰ ਸਿੰਘ ਭੂੰਦੜ, ਸੁਖਬੀਰ ਸਿੰਘ ਬਾਦਲ, ਜਨਮੇਜਾ ਸਿੰਘ ਸੇਖੋਂ ਤੋਂ ਇਲਾਵਾ ਹੋਰ ਆਗੂ ਮੇਰੇ ਘਰ ਪਹੁੰਚੇ ਅਤੇ ਮੈਨੂੰ ਅਸਤੀਫਾ ਵਾਪਸ ਲੈਣ ਦੀ ਅਪੀਲ ਕੀਤੀ। ਐਡਵੋਕੇਟ ਧਾਮੀ ਨੇ ਕਿਹਾ ਕਿ ਉਹ ਇਕ ਦੋ-ਦਿਨ ਵਿਚ ਮੁੜ ਸੇਵਾ ਸੰਭਾਲਣਗੇ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਰਿੰਦਰ ਸਿੰਘ ਬਾਜਵਾ ਸਾਬਕਾ ਰਾਜ ਸਭਾ ਮੈਂਬਰ, ਲਖਵਿੰਦਰ ਸਿੰਘ ਲੱਖੀ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਟਾਂਡਾ, ਚੌਧਰੀ ਬਲਵੀਰ ਸਿੰਘ ਮਿਆਣੀ ਸਾਬਕਾ ਮੰਤਰੀ, ਇਕਬਾਲ ਸਿੰਘ ਜੌਹਲ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ, ਪ੍ਰੇਮ ਸਿੰਘ ਸਾਬਕਾ ਡਿਪਟੀ ਮੇਅਰ, ਹਰਸਿਮਰਨ ਸਿੰਘ ਬਾਜਵਾ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ, ਸੰਦੀਪ ਸਿੰਘ ਸੀਕਰੀ, ਨਿਰਮਲ ਸਿੰਘ ਭੀਲੋਵਾਲ, ਇਕਬਾਲ ਸਿੰਘ ਖੇੜਾ, ਜਰਨੈਲ ਸਿੰਘ ਵਾਹਦ, ਉਂਕਾਰ ਸਿੰਘ ਜੌਹਲ ਤੇ ਹੋਰ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।
