ਸ਼੍ਰੀ ਅਚਲੇਸ਼ਵਰ ਧਾਮ ਵਿਖੇ ਵਾਪਰੀ ਦੂਜੀ ਮੰਦਭਾਗੀ ਘਟਨਾ

ਸ਼ਰਾਰਤੀ ਅਨਸਰਾਂ ਨੇ ਗਊ ਦਾ ਮੂੰਹ ਸਾੜਨ ਦੇ ਨਾਲ ਮੋਟਰਸਾਈਕਲ ਨੂੰ ਲਾਈ ਅੱਗ

ਬਟਾਲਾ  – ਜਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਕੋਲ ਸਥਿਤ ਵਿਸ਼ਵ ਪ੍ਰਸਿੱਧ ਸ਼੍ਰੀ ਅਚਲੇਸ਼ਵਰ ਧਾਮ ਵਿਖੇ ਇਕ ਹੋਰ ਮੰਦਭਾਗੀ ਘਟਨਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਸਬੰਧੀ ਸ਼੍ਰੀ ਅਚਲੇਸ਼ਵਰ ਮੰਦਰ ਕਾਰ ਸੇਵਾ ਟਰੱਸਟ ਦੇ ਮੁਖ ਸੇਵਾਦਾਰ ਪਵਨ ਕੁਮਾਰ ਪੰਮਾ ਨੇ ਦੱਸਿਆ ਕਿ ਭਗਵਾਨ ਸ਼੍ਰੀ ਕਾਰਤਿਕ ਸਵਾਮੀ ਜੀ ਦੀ ਯਾਦ ’ਚ ਸ਼ੁਸ਼ੋਭਿਤ ਵਿਸਵ ਪ੍ਰਸਿੱਧ ਤੀਰਥ ਅਸਥਾਨ ਸ਼੍ਰੀ ਅਚਲੇਸ਼ਵਰ ਧਾਮ ਦੇ ਪਵਿੱਤਰ ਸਰੋਵਰ ਵਿਚ ਕਰੀਬ ਡੇਢ ਮਹੀਨਾ ਪਹਿਲਾਂ ਮੱਛੀਆਂ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ ਸੀ,  ਹੁਣ ਇਸ ਪਵਿੱਤਰ ਅਸਥਾਨ ’ਤੇ ਸਥਿਤ ਵਾਟਿਕਾ ਵਿਚ ਕੁਝ ਦਿਨ ਪਹਿਲਾਂ ਸ਼ਰਾਰਤੀ ਅਨਸਰਾਂ ਵਲੋਂ ਗਊ ਦਾ ਮੂੰਹ ਅੱਗ ਵਾਲੇ ਬਾਲਟੇ ਵਿਚ ਪਾ ਕੇ ਸਾੜ ਦਿੱਤਾ ਗਿਆ, ਜਿਸ ਨਾਲ ਗਊ ਦਾ ਜਬਾੜਾ ਸੜ ਗਿਆ, ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ।

ਉਨ੍ਹਾਂ ਦੱਸਿਆ ਕਿ ਹੁਣ ਬੀਤੇ ਦਿਨ ਫਿਰ ਉਥੇ ਰਹਿੰਦੇ ਸੇਵਾਦਾਰ ਸ਼ਾਮ ਲਾਲ ਉਰਫ ਬਿੱਲਾ ਦੇ ਮੋਟਰਸਾਈਕਲ ਨੂੰ ਸ਼ਰਾਰਤੀ ਅਨਸਰਾਂ ਨੇ ਅੱਗ ਲਗਾ ਦਿੱਤੀ, ਜਿਸ ਨਾਲ ਮੋਟਰਸਾਈਕਲ ਸੜ ਕੇ ਸੁਆਹ ਹੋ ਗਿਆ। ਇਸ ਬਾਰੇ ਉਕਤ ਸੇਵਾਦਾਰ ਨੂੰ ਉਦੋਂ ਪਤਾ ਲੱਗਾ, ਜਦੋਂ ਉਹ ਸਵੇਰੇ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਣ ਲਈ ਉੱਠਿਆ ਤਾਂ ਦਰਵਾਜ਼ਾ ਬਾਹਰੋਂ ਕਿਸੇ ਵਲੋਂ ਬੰਦ ਕੀਤਾ ਹੋਣ ਕਰ ਕੇ ਮੰਦਰ ਵਿਚ ਆ ਰਹੀ ਸੰਗਤ ਨੂੰ ਆਵਾਜ਼ ਲਗਾ ਕੇ ਦਰਵਾਜ਼ੇ ਦੀ ਕੁੰਡੀ ਖੁੱਲ੍ਹਵਾਈ ਅਤੇ ਬਾਹਰ ਆ ਕੇ ਦੇਖਿਆ ਤਾਂ ਉਸਦਾ ਮੋਟਰਸਾਈਕਲ ਆਪਣੀ ਜਗ੍ਹਾ ’ਤੇ ਹੋਣ ਦੀ ਬਜਾਏ ਦੂਜੀ ਜਗ੍ਹਾ ’ਤੇ ਸੜਿਆ ਪਿਆ ਸੀ । ਮੁੱਖ ਸੇਵਾਦਾਰ ਪੰਮਾ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਅਜਿਹੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਦੀ ਭਾਲ ਕਰ ਕੇ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰੇ ਤਾਂ ਜੋ ਭਵਿੱਖ ਵਿਚ ਅਜਿਹੀ ਮੰਦਭਾਗੀ ਘਟਨਾਵਾਂ ’ਤੇ ਰੋਕ ਲੱਗ ਸਕੇ।

Leave a Reply

Your email address will not be published. Required fields are marked *