ਰੋਸ ਵਜੋਂ ਵੱਖ-ਵੱਖ ਸੰਗਠਨਾਂ ਦੇ ਆਗੂਆਂ ਨੇ ਦਿੱਤਾ ਧਰਨਾ

ਬਟਾਲਾ :- ਸਥਾਨਕ ਮੀਆਂ ਮੁਹੱਲਾ ਨੇੜੇ ਚੌਕ ਵਿਚ ਸਥਿਤ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਸ਼ਰਾਰਤੀ ਅਨਸਰਾਂ ਵੱਲੋਂ ਉਂਗਲੀ ਤੋੜੇ ਜਾਣ ਦੇ ਰੋਸ ਵਜੋਂ ਅੱਜ ਵੱਖ-ਵੱਖ ਸੰਗਠਨਾਂ ਵੱਲੋਂ ਡਾ. ਅੰਬੇਡਕਰ ਚੌਕ ਵਿਚ ਧਰਨਾ ਦੇ ਕੇ ਰੋਸ ਜ਼ਾਹਿਰ ਕੀਤਾ ਗਿਆ।
ਇਸ ਮੌਕੇ ਡਾ. ਅਸ਼ੋਕ ਕੁਮਾਰ ਬਹੁਜਨ ਸਮਾਜ ਪਾਰਟੀ, ਸੰਜੀਤ ਦੈਤਯ ਪੰਜਾਬ ਪ੍ਰਧਾਨ ਲਵ ਕੁਸ਼ ਸੈਨਾ, ਡਾ. ਅਸ਼ੋਕ ਮੁੱਢ ਬਹੁਜਨ ਸਮਾਜ ਪਾਰਟੀ, ਸ਼ੰਭੂ ਨਾਥ ਯੋਗੀ, ਡਾ. ਚਿਮਨ ਲਾਲ ਜ਼ਿਲਾ ਪ੍ਰਧਾਨ ਮੈਡੀਕਲ, ਰਿੰਕੂ, ਡਾ. ਬਾਊ ਰਾਮ, ਰਾਕੇਸ਼ ਭੱਟੀ, ਐਡਵੋਕੇਟ ਸਰਬਜੀਤ ਸਿੰਘ ਮਾਨ ਆਦਿ ਆਗੂਆਂ ਨੇ ਰੋਸ ਭਰੇ ਲਹਿਜੇ ਵਿਚ ਕਿਹਾ ਕਿ ਬਟਾਲਾ ਦੇ ਅੰਬੇਡਕਰ ਚੌਕ ਵਿਚ ਭਾਰਤੀ ਸੰਵਿਧਾਨ ਦੇ ਨਿਰਮਾਨ ਭੀਮ ਰਾਓ ਡਾ. ਬੀ. ਆਰ ਅੰਬੇਡਕਰ ਦੇ ਬੁੱਤ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਸਿੱਖਸ ਫਾਰ ਜਸਟਿਸ ਦੇ ਖੁਦ ਬਣੇ ਨੇਤਾ ਗੁਰਪਤਵੰਤ ਸਿੰਘ ਪੰਨੂ ਦੇ ਕਥਿਤ ਇਸ਼ਾਰੇ ’ਤੇ ਛੇੜਛਾੜ ਕਰਦਿਆਂ ਬੁੱਤ ਦੀ ਉਂਗਲੀ ਨੂੰ ਜਿਥੇ ਤੋੜ ਦਿੱਤਾ ਗਿਆ, ਉਥੇ ਨਾਲ ਹੀ ਸ਼ਹਿਰ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੀ ਕੋਝੀ ਹਰਕਤ ਕੀਤੀ ਗਈ ਹੈ, ਜਿਸ ਨੂੰ ਸਾਡਾ ਭਾਈਚਾਰੇ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।
ਉਨ੍ਹਾਂ ਕਿਹਾ ਕਿ ਅੱਤਵਾਦੀ ਪੰਨੂ ਵੱਲੋਂ ਵੀਡੀਓ ਵਾਇਰਲ ਕਰਦਿਆਂ 14 ਅਪ੍ਰੈਲ ਤੱਕ ਪੰਜਾਬ ਵਿਚ ਲੱਗੇ ਡਾ. ਅੰਬੇਡਕਰ ਦੇ ਬੁੱਤਾਂ ਨੂੰ ਢਾਹ ਦੇਣ ਦੀ ਧਮਕੀ ਦਿੱਤੀ ਗਈ ਸੀ, ਜਿਸ ਤਹਿਤ ਹੀ ਇਹ ਮੰਦਭਾਗਾ ਕੰਮ ਹੋਇਆ। ਉਕਤ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਸਥਾਨਕ ਪੁਲਸ ਨੇ ਡਾ. ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਨਸਰਾਂ ਵਿਰੁੱਧ ਬਣਦੀ ਕਾਰਵਾਈ ਨਹੀਂ ਕਰਦੀ, ਉਦੋਂ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।
ਇਸ ਬਾਰੇ ਸੂਚਨਾ ਮਿਲਦਿਆਂ ਹੀ ਐੱਸ. ਪੀ. ਹੈੱਡਕੁਆਰਟਰ ਜਸਵੰਤ ਕੌਰ ਰਿਆੜ, ਡੀ. ਐੱਸ. ਪੀ. ਸਿਟੀ ਸੰਜੀਵ ਕੁਮਾਰ ਐੱਸ. ਐੱਚ. ਓ. ਸਿਟੀ ਸੁਖਜਿੰਦਰ ਸਿੰਘ ਪੁਲਸ ਮੁਲਾਜ਼ਮਾਂ ਸਮੇਤ ਮੌਕੇ ’ਤੇ ਪਹੁੰਚੇ ਅਤੇ ਧਰਨਾਕਾਰੀਆਂ ਨੂੰ ਬਣਦੀ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ।
ਪੁਲਿਸ ਆਸ ਪਾਸ ਲੱਗੇ ਸੀ. ਸੀ. ਟੀ. ਵੀ. ਕੈਮਾਰਿਆਂ ਦੀ ਕਰ ਰਹੀ ਜਾਂਚ : ਐੱਸ. ਐੱਚ. ਓ. ਸਿਟੀ
ਇਸ ਦੌਰਾਨ ਜਦੋਂ ਐੱਸ. ਐੱਚ. ਓ. ਸਿਟੀ ਸੁਖਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਸਿਟੀ ਵਿਚ ਫਿਲਹਾਲ ਪੁਲਸ ਨੇ ਬਣਦੀਆਂ ਧਾਾਰਵਾਂ ਹੇਠ ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਦਿੱਤਾ ਹੈ ਅਤੇ ਆਸ ਪਾਸ ਲੱਗੇ ਸੀ. ਸੀ. ਟੀ. ਵੀ. ਕੈਮਾਰਿਆਂ ਦੀ ਪੁਲਿਸ ਜਾਂਚ ਕਰ ਕੇ ਜਲਦ ਹੀ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਵੇਗੀ।
