ਪੁਲਿਸ ਅਤੇ ਬੀ. ਐੱਸ. ਐੱਫ਼. ਦੇ ਜਵਾਨਾਂ ਨੇ ਇਲਾਕੇ ’ਚ ਚਲਾਇਆ ਸਰਚ ਅਭਿਆਨ
ਗੁਰਦਾਸਪੁਰ – ਜ਼ਿਲਾ ਗੁਰਦਾਸਪੁਰ ਵਿਚ ਭਾਰਤੀ ਸਰਹੱਦ ’ਤੇ ਇਕ ਵਾਰ ਫਿਰ ਪਾਕਿਸਤਾਨੀ ਸ਼ੱਕੀ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਇਸ ਦੌਰਾਨ ਸੀਮਾ ਸੁਰੱਖਿਆ ਬਲ ਦੇ ਜਵਾਨ ਪੂਰੀ ਤਨਦੇਹੀ ਨਾਲ ਡਿਊਟੀ ’ਤੇ ਤਾਇਨਾਤ ਹੋਣ ਕਾਰਨ ਡਰੋਨ ਵਾਪਸ ਪਾਕਿਸਤਾਨ ਵਾਲੀ ਸਾਈਡ ਨੂੰ ਮੁੜ ਗਿਆ।
ਪੁਲਸ ਦੇ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀ. ਐੱਸ. ਐੱਫ਼ ਦੇ ਜਵਾਨਾਂ ਨੇ ਭਾਰਤੀ ਸਰਹੱਦ ’ਚ ਕਰੀਬ ਸ਼ਾਮ 4.29 ਵਜੇ ਭਾਰਤ ਦੀ ਹੱਦ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨੀ ਸ਼ੱਕੀ ਡਰੋਨ ਆਵਾਜ਼ ਸੁਣਦੇ ਸਾਰ ਹੀ ਪੂਰੀ ਹਰਕਤ ’ਚ ਆ ਗਏ। ਇਸ ਉਪਰੰਤ ਡਰੋਨ ਨੂੰ ਕੁਝ ਹੀ ਮਿੰਟ ਉਪਰੰਤ ਆਖ਼ਰਕਾਰ ਪਾਕਿਸਤਾਨ ਵੱਲ ਪਰਤਣ ਲਈ ਮਜ਼ਬੂਰ ਹੋਣਾ ਪਿਆ।
ਦੱਸਣਯੋਗ ਹੈ ਕਿ ਪਾਕਿਸਤਾਨੀ ਤਸਕਰ ਹੁਣ ਪੰਜਾਬ ਦੇ ਸਰਹੱਦੀ ਖੇਤਰਾਂ ਵਿਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਈ ਡਰੋਨ ਦਾ ਸਹਾਰਾ ਲੈ ਰਹੇ ਹਨ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਬਹਿਰਾਮਪੁਰ ਜਤਿੰਦਰ ਸਿੰਘ ਵੱਲੋਂ ਭਾਰੀ ਪੁਲਸ ਫੋਰਸ ਨਾਲ ਮੌਕੇ ’ਤੇ ਬੀ. ਐੱਸ. ਐੱਫ਼. ਦੇ ਜਵਾਨਾਂ ਨਾਲ ਸਾਂਝੇ ਤੌਰ ’ਤੇ ਇਲਾਕੇ ਅੰਦਰ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।
ਇਸ ਮੌਕੇ ਥਾਣਾ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਇਲਾਕੇ ਅੰਦਰ ਪੁਲਸ ਫੋਰਸ ਨਾਲ ਸਰਚ ਅਭਿਆਨ ਚਲਾਇਆ ਗਿਆ ਹੈ ਪਰ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਗੈਰ ਕਾਨੂੰਨੀ ਵਸਤੂ ਬਰਾਮਦ ਨਹੀਂ ਹੋਈ ਹੈ।
