ਗੈਸ ਪਾਈਪ ਲਾਈਨ ਕੰਪਨੀ ਤੇ ਪ੍ਰਭਾਵਿਤ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਨਾ ਦੇਣ ਦੇ ਦੋਸ਼
ਤਲਵੰਡੀ ਸਾਬੋ :- ਇਕ ਬਹੁਕੌਮੀ ਕੰਪਨੀ ਵੱਲੋਂ ਅੱਜ ਫਿਰ ਪਿੰਡ ਲੇਲੇਵਾਲਾ ਦੇ ਖੇਤਾਂ ਵਿਚ ਗੈਸ ਪਾਈਪ ਲਾਈਨ ਪਾਉਣ ਦਾ ਕੰਮ ਭਾਰੀ ਪੁਲਸ ਬਲ ਦੀ ਮਦਦ ਨਾਲ ਸ਼ੁਰੂ ਕਰ ਦੇਣ ਕਾਰਨ ਇਸਦਾ ਵਿਰੋਧ ਕਰ ਰਹੇ ਕਿਸਾਨਾਂ ਅਤੇ ਪੁਲਸ ਵਿਚਕਾਰ ਝੜਪ ਹੋ ਗਈ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿਚ ਵੱਡੀ ਗਿਣਤੀ ਕਿਸਾਨਾਂ ਨੇ ਪੁਲਸ ਨਾਕੇ ਤੋੜਦਿਆਂ ਖੇਤਾਂ ਵਿਚ ਚੱਲ ਰਹੇ ਕੰਮ ਨੂੰ ਜਾ ਬੰਦ ਕਰਵਾਇਆ।ਦੱਸਣਾ ਬਣਦਾ ਹੈ ਕਿ ਗੈਸ ਪਾਈਪ ਲਾਈਨ ਕੰਪਨੀ ਤੇ ਪ੍ਰਭਾਵਿਤ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਨਾ ਦੇਣ ਦੇ ਦੋਸ਼ ਲਾਉਂਦਿਆਂ ਭਾਕਿਯੂ (ਉਗਰਾਹਾਂ) ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਚਲਾ ਰਹੀ ਹੈ।

ਅੱਜ ਗੈਸ ਪਾਈਪ ਲਾਈਨ ਪਾਉਣ ਵਾਲੀ ਕੰਪਨੀ ਨੇ ਸਵੇਰੇ ਅਚਾਨਕ ਆਪਣੀ ਸਾਰੀ ਮਸ਼ੀਨਰੀ ਤੇ ਮੁਲਾਜ਼ਮ ਲਿਆ ਕੇ ਭਾਰੀ ਪੁਲਸ ਬਲ ਦੀ ਸਹਾਇਤਾ ਨਾਲ ਪਿੰਡ ਲੇਲੇਵਾਲਾ ਦੇ ਖੇਤਾਂ ਵਿਚ ਪਾਈਪ ਲਾਈਨ ਪਾਉਣ ਦਾ ਰਹਿੰਦਾ ਕੰਮ ਆਰੰਭ ਦਿੱਤਾ। ਖੇਤਾਂ ਵੱਲ ਜਾਂਦੇ ਸਾਰੇ ਰਸਤੇ ਪੁਲਸ ਨੇ ਰੋਕਾਂ ਲਾ ਕੇ ਅਤੇ ਦੰਗਾ ਰੋਕੂ ਵਾਹਨ ਤਾਇਨਾਤ ਕਰਕੇ ਬੰਦ ਕਰ ਦਿੱਤੇ।
ਘਟਨਾ ਦਾ ਪਤਾ ਲੱਗਣ ’ਤੇ ਜ਼ਿਲੇ ਭਰ ਤੋਂ ਕਿਸਾਨ ਤੇ ਬੀਬੀਆਂ ਵੱਡੀ ਗਿਣਤੀ ਵਿਚ ਭਾਕਿਯੂ (ਉਗਰਾਹਾਂ) ਦੇ ਝੰਡੇ ਹੇਠ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਇਕੱਠੇ ਹੋਏ, ਉਪਰੰਤ ਉਨ੍ਹਾਂ ਜ਼ਿਲਾ ਕਿਸਾਨ ਆਗੂ ਜਗਦੇਵ ਸਿੰਘ ਜੋਗੇਵਾਲਾ ਅਤੇ ਜਸਵੀਰ ਸਿੰਘ ਬੁਰਜ ਸੇਮਾ ਦੀ ਅਗਵਾਈ ਵਿਚ ਗੈਸ ਪਾਈਪ ਲਾਈਨ ਦਾ ਕੰਮ ਬੰਦ ਕਰਵਾਉਣ ਲਈ ਖੇਤਾਂ ਵੱਲ ਚਾਲੇ ਪਾ ਦਿੱਤੇ ਤਾਂ ਡੀ. ਐੱਸ. ਪੀ. ਤਲਵੰਡੀ ਸਾਬੋ ਰਾਜੇਸ਼ ਸਨੇਹੀ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿੱਥੇ ਪੁਲਸ ਅਤੇ ਕਿਸਾਨਾਂ ਵਿਚ ਝੜਪ ਹੋ ਗਈ।
ਜਦੋਂ ਕਿਸਾਨ ਸਾਰੀਆਂ ਪੁਲਸ ਰੋਕਾਂ ਨੂੰ ਖਦੇੜਦੇ ਹੋਏ ਖੇਤਾਂ ’ਚੋਂ ਦੀ ਅੱਗੇ ਵਧੇ ਤਾਂ ਪੁਲਸ ਅਧਿਕਾਰੀਆਂ ਨੂੰ ਭਾਜੜ ਪੈ ਗਈ ਤੇ ਉਨ੍ਹਾਂ ਨੇ ਰਜਵਾਹੇ ਦੇ ਪੁਲ ’ਤੇ ਜੇ. ਸੀ. ਬੀ. ਮਸ਼ੀਨ ਖੜ੍ਹੀ ਕਰਕੇ ਇਕ ਵਾਰ ਫਿਰ ਕਿਸਾਨਾਂ ਦਾ ਰਸਤਾ ਰੋਕਣ ਦੇ ਯਤਨ ਕੀਤੇ ਪਰ ਕਿਸਾਨਾਂ ਅਤੇ ਪੁਲਸ ਦੀ ਇੱਥੇ ਵੀ ਹੱਥੋਪਾਈ ਹੋਈ ਤੇ ਕਿਸਾਨ ਫਿਰ ਰੋਕਾਂ ਹਟਾ ਕੇ ਉਸ ਜਗ੍ਹਾ ਜਾਂ ਪਹੁੰਚੇ ਜਿੱਥੇ ਪਾਈਪ ਲਾਈਨ ਪਾਉਣ ਦਾ ਕੰਮ ਚੱਲ ਰਿਹਾ ਸੀ। ਆਖਰ ਕਿਸਾਨਾਂ ਦੇ ਵਿਰੋਧ ਕਾਰਨ ਕੰਪਨੀ ਨੂੰ ਕੰਮ ਵਿਚਾਲੇ ਬੰਦ ਕਰਕੇ ਮਸ਼ੀਨਾਂ ਵਾਪਸ ਲਿਜਾਣੀਆਂ ਪਈਆਂ।
ਭਾਕਿਯੂ (ਉਗਰਾਹਾਂ) ਦੇ ਜ਼ਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕੰਪਨੀ, ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਿਸਾਨਾਂ ਵਿਚਕਾਰ ਪਾਈਪ ਲਾਈਨ ਪ੍ਰਭਾਵਿਤ ਸਾਰੇ ਕਿਸਾਨਾਂ ਨੂੰ 24 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਸਮਝੌਤਾ ਹੋਇਆ ਸੀ ਪਰ ਬਹੁਤੇ ਕਿਸਾਨਾਂ ਨੂੰ ਦੋ-ਢਾਈ ਲੱਖ ਰੁਪਏ ਹੀ ਮੁਆਵਜ਼ਾ ਦਿੱਤਾ ਗਿਆ ਅਤੇ ਕੰਪਨੀ ਧੱਕੇਸ਼ਾਹੀ ਨਾਲ ਪਾਈਪ ਪਾਉਣਾ ਚਾਹੁੰਦੀ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦ ਤਕ ਸਾਰੇ ਕਿਸਾਨਾਂ ਨੂੰ ਬਰਾਬਰ ਮੁਆਵਜ਼ਾ ਨਹੀਂ ਮਿਲ ਜਾਂਦਾ ਉਦੋਂ ਤਕ ਪਾਈਪ ਲਾਈਨ ਨਹੀਂ ਪੈਣ ਦਿੱਤੀ ਜਾਵੇਗੀ। ਮਸਲੇ ਦੇ ਹੱਲ ਲਈ ਐੱਸ. ਡੀ. ਐੱਮ. ਤਲਵੰਡੀ ਸਾਬੋ ਹਰਜਿੰਦਰ ਸਿੰਘ ਜੱਸਲ ਅਤੇ ਹੋਰ ਅਧਿਕਾਰੀ ਪੁੱਜ ਗਏ ਸਨ ਪਰ ਕਿਸਾਨ ਪ੍ਰਦਰਸ਼ਨ ਜਾਰੀ ਸੀ।
