ਇਸ ਕਾਰਵਾਈ ਸਬੰਧੀ ਬਕਾਇਦਾ ਪਹਿਲਾਂ ਨੋਟਿਸ ਜਾਰੀ ਕੀਤੇ ਅਤੇ ਮੁਨਾਦੀ ਵੀ ਕਰਵਾਈ : ਵਰਿੰਦਰ ਸਿੰਘ

ਕੋਟਕਪੂਰਾ :- ਸਥਾਨਕ ਬਠਿੰਡਾ ਰੋਡ ’ਤੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਬਣਾਈਆਂ ਗਈਆਂ ਝੁੱਗੀਆਂ ਨੂੰ ਸਿਵਲ ਪ੍ਰਸ਼ਾਸਨ ਵੱਲੋਂ ਵਰਿੰਦਰ ਸਿੰਘ ਐਸ.ਡੀ.ਐਮ. ਕੋਟਕਪੂਰਾ ਦੀ ਨਿਗਰਾਨੀ ਹੇਠ ਜੇ.ਸੀ.ਬੀ ਦੀ ਮਦਦ ਨਾਲ ਹਟਵਾ ਦਿੱਤਾ ਗਿਆ। ਇਸ ਦੌਰਾਨ ਸਵੇਰੇ 10:30 ਵਜੇ ਦੇ ਕਰੀਬ ਭਾਰੀ ਪੁਲਸ ਫੋਰਸ ਨੂੰ ਨਾਲ ਲੈ ਕੇ ਵਰਿੰਦਰ ਸਿੰਘ ਐੱਸ.ਡੀ.ਐੱਮ. ਕੋਟਕਪੂਰਾ ਦੀ ਅਗਵਾਈ ਹੇਠ ਮਿਊਂਸਪਲ ਕਮੇਟੀ, ਫੋਰੈਸਟ ਡਿਪਾਰਟਮੈਂਟ ਅਤੇ ਪੀ.ਐਸ.ਪੀ.ਸੀ.ਐਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਸਥਾਨਕ ਬਠਿੰਡਾ ਰੋਡ ’ਤੇ ਪੁੱਜੇ ਅਤੇ ਜੇ.ਸੀ.ਬੀ. ਮਸ਼ੀਨ ਦੀ ਸਹਾਇਤਾ ਨਾਲ ਅਨਾਜ ਮੰਡੀ ਦੇ ਕੰਧ ਦੇ ਨਾਲ ਬਣੀਆਂ ਹੋਈਆਂ 100 ਤੋਂ ਵੀ ਵੱਧ ਝੁੱਗੀਆਂ ਨੂੰ ਹਟਾ ਦਿੱਤਾ ਗਿਆ।
ਭਾਵੇਂ ਸ਼ੁਰੂ-ਸ਼ੁਰੂ ਵਿੱਚ ਕੁੱਝ ਲੋਕਾਂ ਵੱਲੋਂ ਇਸਦਾ ਵਿਰੋਧ ਕੀਤਾ ਗਿਆ ਅਤੇ ਇਲਜਾਮ ਲਗਾਇਆ ਗਿਆ ਕਿ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ, ਪ੍ਰੰਤੂ ਭਾਰੀ ਪੁਲਸ ਬਲ ਦੀ ਮੌਜੂਦਗੀ ਕਾਰਨ ਕਿਸੇ ਤਰ੍ਹਾਂ ਦਾ ਕੋਈ ਬਵਾਲ ਨਹੀਂ ਹੋਇਆ ਅਤੇ ਝੁੱਗੀਆਂ ਹਟਾਉਣ ਦੀ ਕਾਰਵਾਈ ਸਵੇਰ ਤੋਂ ਲੱਗ ਕੇ ਸ਼ਾਮ ਤੱਕ ਸ਼ਾਂਤੀਪੂਰਵਕ ਤਰੀਕੇ ਨਾਲ ਚਲਦੀ ਰਹੀ।
ਇਸ ਸਬੰਧ ਵਿੱਚ ਪ੍ਰਸ਼ਾਸ਼ਨ ਵੱਲੋਂ ਇਕ ਮਹੀਨਾਂ ਪਹਿਲਾਂ ਵੀ ਇੱਥੋਂ ਝੁੱਗੀਆਂ ਹਟਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ ਪ੍ਰੰਤੂ ਇਨ੍ਹਾਂ ਝੁੱਗੀਆਂ ਵਿਚ ਰਹਿਣ ਵਾਲੇ ਲੋਕਾਂ ਵੱਲੋਂ ਕੁੱਝ ਸਮਾਂ ਦੇਣ ਦੀ ਮੰਗ ਕਰਨ ’ਤੇ ਪ੍ਰਸ਼ਾਸ਼ਨ ਵੱਲੋਂ ਇੰਨ੍ਹਾਂ ਨੂੰ ਦੋ ਹਫਤਿਆਂ ਦਾ ਸਮਾਂ ਦਿੱਤਾ ਗਿਆ ਸੀ ਅਤੇ ਇਸ ਦੌਰਾਨ ਇਨ੍ਹਾਂ ਝੁੱਗੀਆਂ ਨੂੰ ਹਟਾਉਣ ਲਈ ਅਮਰਇੰਦਰ ਸਿੰਘ ਕਾਰਜ ਸਾਧਕ ਅਫਸਰ ਕੋਟਕਪੂਰਾ ਦੀਆਂ ਹਦਾਇਤਾਂ ’ਤੇ ਲਗਾਤਾਰ ਮੁਨਿਆਦੀ ਵੀ ਕਰਵਾਈ ਗਈ ਸੀ।
ਜਿਓਂ ਹੀ ਪ੍ਰਸ਼ਾਸ਼ਨ ਦੀਆਂ ਟੀਮਾਂ ਬਠਿੰਡਾ ਰੋਡ ’ਤੇ ਝੁੱਗੀਆਂ ਦੇ ਕੋਲ ਪੁੱਜੀਆਂ ਅਤੇ ਝੁੱਗੀਆਂ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਇਸ ਦੌਰਾਨ ਇੱਕ ਵਾਰ ਤਾਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਕਾਫੀ ਸਮੇਂ ਤੋਂ ਅੜੀ ਕਰਕੇ ਝੁੱਗੀਆਂ ਨੂੰ ਨਾ ਹਟਾਉਣ ਵਾਲੇ ਲੋਕਾਂ ਨੇ ਪ੍ਰਸ਼ਾਸ਼ਨ ਦਾ ਸਖਤ ਰਵੱਈਆ ਵੇਖ ਕੇ ਆਪੋ-ਆਪਣਾ ਸਮਾਨ ਚੁੱਕਣਾ ਸ਼ੁਰੂ ਕਰ ਦਿੱਤਾ ਅਤੇ ਇਸ ਦੌਰਾਨ ਹੀ ਪ੍ਰਸ਼ਾਸ਼ਨ ਵੱਲੋਂ ਝੁੱਗੀਆਂ ਹਟਾਉਣ ਦੀ ਕਾਰਵਾਈ ਲਗਾਤਾਰ ਚਲਦੀ ਰਹੀ।
ਇਸ ਸਬੰਧ ਵਿੱਚ ਵਰਿੰਦਰ ਸਿੰਘ ਐਸ.ਡੀ.ਐਮ ਕੋਟਕਪੂਰਾ ਨੇ ਦੱਸਿਆ ਕਿ ਜਦੋਂ ਪ੍ਰਸ਼ਾਸ਼ਨ ਨੇ ਇੱਕ ਮਹੀਨਾ ਪਹਿਲਾਂ ਝੁੱਗੀਆਂ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ ਸੀ ਤਾਂ ਪ੍ਰਵਾਸੀ ਮਜਦੂਰਾਂ ਨੇ ਪ੍ਰਸ਼ਾਸ਼ਨ ਤੋਂ ਸਮਾਂ ਲੈ ਲਿਆ ਸੀ ਪ੍ਰੰਤੂ ਦੋ ਹਫਤਾ ਦਾ ਸਮਾਂ ਦੇਣ ਅਤੇ ਉਸ ਤੋਂ ਬਾਅਦ ਇੱਕ ਮਹੀਨੇ ਬਾਅਦ ਕਾਰਵਾਈ ਕਰਨ ਦੇ ਬਾਵਜੂਦ ਵੀ ਲੋਕਾਂ ਵੱਲੋਂ ਝੁੱਗੀਆਂ ਨਹੀਂ ਹਟਾਈਆਂ ਗਈਆਂ, ਜਿਸ ਕਾਰਨ ਪ੍ਰਸ਼ਾਸ਼ਨ ਨੂੰ ਇਹ ਕਾਰਵਾਈ ਕਰਨੀ ਪਈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਸਬੰਧੀ ਬਕਾਇਦਾ ਪਹਿਲਾਂ ਨੋਟਿਸ ਵੀ ਜਾਰੀ ਕੀਤੇ ਗਏ ਅਤੇ ਮੁਨਾਦੀ ਵੀ ਕਰਵਾਈ ਗਈ।
ਇਸ ਸਬੰਧ ਵਿੱਚ ਜਤਿੰਦਰ ਸਿੰਘ ਡੀ.ਐਸ.ਪੀ. ਕੋਟਕਪੂਰਾ ਨੇ ਦੱਸਿਆ ਕਿ ਝੁੱਗੀਆਂ ਹਟਾਉਣ ਦੀ ਇਹ ਕਾਰਵਾਈ ਸਿਵਲ ਪ੍ਰਸ਼ਾਸ਼ਨ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਸ ਕਾਰਵਾਈ ਦੌਰਾਨ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਪੁਲਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।
