ਖਾਲੀ ਕਰਵਾਈ ਪੂਰੀ ਇਮਾਰਤ, ਸ਼ਹਿਰ ’ਚ ਮਚਿਆ ਹੜਕੰਪ
Mandi news :- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ਦੇ ਡੀ. ਸੀ. ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਕਾਰਨ ਡੀ. ਸੀ., ਐੱਸ. ਪੀ. ਦਫ਼ਤਰ ਅਤੇ ਅਦਾਲਤੀ ਕੰਪਲੈਕਸ ਖਾਲੀ ਕਰਵਾ ਦਿੱਤੇ ਗਏ ਹਨ। ਹੁਣ ਫਾਇਰ ਵਿਭਾਗ ਤੋਂ ਇਲਾਵਾ ਪੁਲਿਸ ਜਾਂਚ ਟੀਮ ਵੀ ਇੱਥੇ ਪਹੁੰਚ ਗਈ ਹੈ। ਇਸ ਜਾਣਕਾਰੀ ਤੋਂ ਬਾਅਦ ਮੰਡੀ ਸ਼ਹਿਰ ’ਚ ਹੜਕੰਪ ਮਚ ਗਿਆ ਹੈ।
ਜਾਣਕਾਰੀ ਅਨੁਸਾਰ ਸਵੇਰੇ ਬੁੱਧਵਾਰ ਨੂੰ ਈਮੇਲ ਰਾਹੀਂ ਡੀ. ਸੀ. ਦਫ਼ਤਰ ’ਚ ਬੰਬ ਲਗਾਉਣ ਦੀ ਧਮਕੀ ਦਿੱਤੀ ਗਈ। ਹਾਲਾਂਕਿ ਇਸ ਮਾਮਲੇ ਦੀ ਪੁਸ਼ਟੀ ਲੰਬੇ ਸਮੇਂ ਤੱਕ ਨਹੀਂ ਹੋ ਸਕੀ ਸੀ ਪਰ ਹੁਣ ਮੰਡੀ ਪੁਲਿਸ ਨੇ ਅਧਿਕਾਰਤ ਤੌਰ ’ਤੇ ਇਸਦੀ ਪੁਸ਼ਟੀ ਕੀਤੀ ਹੈ ਅਤੇ ਧਮਕੀ ਮਿਲਣ ਨੂੰ ਸਵੀਕਾਰ ਕਰ ਲਿਆ ਹੈ। ਇਸ ਤੋਂ ਬਾਅਦ ਪੂਰੀ ਕੰਪਲੈਕਸ ਨੂੰ ਸੀਲ ਕਰ ਦਿੱਤਾ ਗਿਆ ਹੈ।
ਡੀ. ਸੀ. ਦਫ਼ਤਰ ਦੇ ਅੰਦਰ ਵੱਖ-ਵੱਖ ਪੁਲਿਸ ਅਤੇ ਸੁਰੱਖਿਆ ਟੀਮਾਂ ਮੌਜੂਦ ਹਨ। ਅੰਦਰਲੇ ਤਿੰਨੋਂ ਦਫ਼ਤਰਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਬੰਬ ਨਿਰੋਧਕ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ ਹੈ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਪੂਰੇ ਇਲਾਕੇ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਇਮਾਰਤ ’ਚ ਸਥਿਤ ਸਾਰੇ ਦਫਤਰਾਂ ਦੇ ਕਰਮਚਾਰੀਆਂ ਅਤੇ ਹੋਰਾਂ ਨੂੰ ਸੁਰੱਖਿਅਤ ਥਾਂ ’ਤੇ ਤਬਦੀਲ ਕਰ ਦਿੱਤਾ ਗਿਆ ਹੈ। ਧਮਕੀ ਭਰੀ ਮੇਲ ਮਿਲਣ ਤੋਂ ਬਾਅਦ ਕਰਮਚਾਰੀਆਂ ਅਤੇ ਬਾਜ਼ਾਰ ’ਚ ਹਫੜਾ-ਦਫੜੀ ਮਚ ਗਈ। ਜਾਂਚ ਏਜੰਸੀਆਂ ਚੌਕਸ ਹੋ ਗਈਆਂ ਹਨ ਅਤੇ ਪੂਰੀ ਇਮਾਰਤ ਦੀ ਤਲਾਸ਼ੀ ਲਈ ਜਾ ਰਹੀ ਹੈ।
ਇਸ ਧਮਕੀ ਨੂੰ ਅਧਿਕਾਰੀ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਧਮਕੀ ਭਰੇ ਈਮੇਲਾਂ ਦੇ ਸਰੋਤ ਦਾ ਪਤਾ ਲਗਾਉਣ ਲਈ ਸਾਈਬਰ ਅਪਰਾਧ ਮਾਹਿਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ।
ਧਮਕੀ ਦੀ ਸੂਚਨਾ ਮਿਲਦੇ ਹੀ ਇਮਾਰਤ ’ਚ ਮੌਜੂਦ ਵੱਡੀ ਗਿਣਤੀ ਵਿਚ ਲੋਕ ਬਾਹਰ ਕੱਢੇ ਗਏ। ਇਸ ਦੌਰਾਨ ਪੁਲਿਸ ਸੁਪਰਡੈਂਟ ਮੰਡੀ ਸਾਕਸ਼ੀ ਵਰਮਾ ਨੇ ਕਿਹਾ ਕਿ ਬੁੱਧਵਾਰ ਨੂੰ ਡੀ. ਸੀ. ਮੰਡੀ ਦੇ ਈ-ਮੇਲ ਆਈਡੀ ’ਤੇ ਇਕ ਧਮਕੀ ਭਰਿਆ ਮੇਲ ਮਿਲਿਆ। ਸਾਵਧਾਨੀ ਦੇ ਤੌਰ ’ਤੇ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਹੈ। ਲੋਕਾਂ ਨੂੰ ਸਹਿਯੋਗ ਦੀ ਬੇਨਤੀ ਕੀਤੀ ਜਾਂਦੀ ਹੈ।