ਸੁਪਰੀਮ ਕੋਰਟ ਵੀ ਕੇਂਦਰ ਸਰਕਾਰ ਰਾਹੀਂ ਕਿਸਾਨਾਂ ਉਪਰ ਗੋਲੀ ਚਲਾਉਣਾ ਚਾਹੁੰਦੀ ਹੈ
ਖਨੌਰੀ : ਅੱਜ ਮਾਣਯੋਗ ਸੁਪਰੀਮ ਕੋਰਟ ਵੱਲੋਂ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਬਾਰਡਰ ਤੋਂ ਪੁਲਸ ਫੋਰਸ ਨਾਲ ਚੁੱਕਣ ਦੇ ਆਏ ਆਦੇਸ਼ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਮੈਂ ਸੁਪਰੀਮ ਕੋਰਟ ਦਾ ਬੇੱਹਦ ਸਤਿਕਾਰ ਕਰਦਾ ਹਾਂ ਪਰ ਹੈਰਾਨੀ ਹੈ ਕਿ ਜਿਸ ਤੋਂ ਸਾਰਾ ਭਾਰਤ ਇਨਸਾਫ ਦੀ ਆਸ ਰੱਖਦਾ ਹੈ, ਉਹ ਸੁਪਰੀਮ ਕੋਰਟ ਕੇਂਦਰ ਸਰਕਾਰ ਰਾਹੀਂ ਮੇਰੇ ਅਤੇ ਕਿਸਾਨਾਂ ਉਪਰ ਪੁਲਸ ਫੋਰਸ ਤੋਂ ਗੋਲੀ ਚਲਵਾਉਣਾ ਚਾਹੁੰਦੀ ਹੈ।
ਕਿਸਾਨ ਨੇਤਾ ਡੱਲੇਵਾਲ ਨੇ ਆਖਿਆ ਕਿ ਉਹ ਮਰਨ ਵਰਤ ’ਤੇ ਆਪਣੀ ਮਰਜ਼ੀ ਨਾਲ ਬੈਠੇ ਹਨ, ਕਿਸੇ ਦੇ ਦਬਾਅ ਵਿਚ ਆ ਕੇ ਨਹੀਂ। ਇਸ ਲਈ ਜੇਕਰ ਸੁਪਰੀਮ ਕੋਰਟ ਨੂੰ ਉਨ੍ਹਾਂ ਦੀ ਜਾਨ ਦੀ ਪ੍ਰਵਾਹ ਹੈ ਤਾਂ ਉਹ ਬਾਰ-ਬਾਰ ਪੰਜਾਬ ਸਰਕਾਰ ਨੂੰ ਆਦੇਸ਼ ਦੇਣ ਨਾਲੋਂ ਕੇਂਦਰ ਸਰਕਾਰ ਨੂੰ ਆਦੇਸ਼ ਜਾਰੀ ਕਰੇ ਕਿ ਕਿਸਾਨਾਂ ਦੀਆਂ ਐੱਮ. ਐੱਸ. ਪੀ. ਸਮੇਤ ਸਮੁੱਚੀਆਂ ਮੰਗਾਂ ਨੂੰ ਮੰਨੇ।
ਡੱਲੇਵਾਲ ਨੇ ਆਖਿਆ ਕਿ ਉਹ ਮਾਣਯੋਗ ਸੁਪਰੀਮ ਕੋਰਟ ਨੂੰ ਵੀ ਆਪਣੀਆਂ ਮੰਗਾਂ ਸਬੰਧੀ ਖੁੱਲ੍ਹਾ ਪੱਤਰ ਲਿਖ ਚੁੱਕੇ ਹਨ ਅਤੇ ਇਸ ਸਬੰਧੀ ਦੇਸ਼ ਦੀ ਸੰਸਦ ਮਾਮਲਿਆਂ ਬਾਰੇ ਬਣੀ ਕਮੇਟੀ ਨੇ ਵੀ ਕੇਂਦਰ ਸਰਕਾਰ ਨੂੰ ਆਪਣੀ ਰਿਪੋਰਟ ਸਬਮਿਟ ਕਰ ਦਿੱਤੀ ਹੈ ਕਿ ਕਿਸਾਨਾਂ ਨੂੰ ਐੱਮ. ਐੱਸ. ਪੀ. ਦਿੱਤਾ ਜਾਵੇ ਪਰ ਫਿਰ ਵੀ ਕਿਸਾਨਾ ਖਿਲਾਫ ਸਭ ਕੁਝ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਹੋ ਰਿਹਾ ਹੈ।
ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਜ਼ਰੂਰੀ ਹਨ, ਉਨ੍ਹਾਂ ਦੀ ਜਾਨ ਬਚਾਉਣੀ ਨਹੀਂ
ਉਨ੍ਹਾਂ ਆਖਿਆ ਕਿ ਕਿਸਾਨਾਂ ਦੀਆਂ ਮੰਗਾਂ ਮਨਣੀਆਂ ਜ਼ਰੂਰੀ ਹਨ, ਉਨ੍ਹਾਂ ਦੀ ਜਾਨ ਬਚਾਉਣੀ ਨਹੀਂ। ਉਨ੍ਹਾ ਆਖਿਆ ਕਿ ਸੁਪਰੀਮ ਕੋਰਟ ਹੁਣ ਤੱਕ ਦੇਸ਼ ਦੇ ਖੁਦਕੁਸ਼ੀ ਕਰ ਚੁੱਕੇ 7 ਲੱਖ ਕਿਸਾਨਾਂ ਦੇ ਪਰਿਵਾਰਾਂ ਬਾਰੇ ਵੀ ਸੋਚੇ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਐੱਮ. ਐੱਸ. ਪੀ. ਗਾਰੰਟੀ ਮੁੱਦੇ ’ਤੇ ਨਾ ਤਾਂ ਸੰਸਦ ਕੋਈ ਸੁਣਵਾਈ ਕਰ ਰਹੀ ਹੈ ਅਤੇ ਨਾ ਹੀ ਸੁਪਰੀਮ ਕੋਰਟ ਦੀਆਂ ਸਿਫਾਰਿਸ਼ਾਂ ਲਾਗੂ ਕਰ ਰਹੀ ਹੈ।
ਡੱਲੇਵਾਲ ਦੀ ਹਾਲਤ ਬੇੱਹਦ ਨਾਜ਼ੁਕ ਬਣੀ
ਦੂਜੇ ਪਾਸੇ ਕਿਸਾਨ ਨੇਤਾ ਡੱਲੇਵਾਲ ਦੀ ਹਾਲਤ ਬੇੱਹਦ ਨਾਜ਼ੁਕ ਬਣੀ ਹੋਈ ਹੈ, ਮਰਨ ਵਰਤ ਦੇ 33ਵੇਂ ਦਿਨ ਉਹ ਲਗਾਤਾਰ ਕਮਜੋਰ ਹੋ ਰਹੇ ਹਨ ਅਤੇ ਨਾ ਹੀ ਡਾਕਟਰੀ ਇਲਾਜ ਲੈ ਰਹੇ ਹਨ।
4 ਜਨਵਰੀ ਨੂੰ ਹੋਵੇਗੀ ਦੇਸ਼ ਪੱਧਰੀ ਕਿਸਾਨ ਮਹਾਪੰਚਾਇਤ
ਕਿਸਾਨਾਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਜਿਥੇ 30 ਦਸੰਬਰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ, ਉਥੇ 4 ਜਨਵਰੀ ਨੂੰ ਖਨੌਰੀ ਬਾਰਡਰ ਵਿਖੇ ਦੇਸ਼ ਪੱਧਰੀ ਕਿਸਾਨ ਮਹਾਪੰਚਾਇਤ ਬੁਲਾਉਣ ਦਾ ਐਲਾਨ ਕਰ ਦਿੱਤਾ ਹੈ, ਜਿਥੇ ਦੇਸ਼ ਦੇ ਲੱਖਾਂ ਕਿਸਾਨ ਪੁਜਣਗੇ। ਕਿਸਾਨ ਨੇਤਾਵਾਂ ਨੇ ਆਖਿਆ ਕਿ ਭਾਵੇਂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹਦ ਨਾਜ਼ੁਕ ਹੈ ਪਰ ਫਿਰ ਵੀ ਉਹ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਨਗੇ।
30 ਨੂੰ ਐਮਰਜੈਂਸੀ ਤੋਂ ਬਿਨਾਂ ਸਮੁੱਚੇ ਪੰਜਾਬ ’ਚ ਰਹੇਗਾ ਚੱਕਾ ਜਾਮ
ਪਟਿਆਲਾ : ਸ਼ੰਭੂ ਮੋਰਚੇ ’ਤੇ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਗੱਲਬਾਤ ਦੌਰਾਨ ਆਖਿਆ ਕਿ 30 ਦਸੰਬਰ ਦੀਆਂ ਤਿਆਰੀਆਂ ਮੁਕੰਮਲ ਹਨ। 30 ਦਸੰਬਰ ਨੂੰ ਪੂਰੇ ਪੰਜਾਬ ਵਿਚ ਐਮਰਜੈਂਸੀ ਨੂੰ ਛੱਡ ਕੇ ਪੂਰੀ ਤਰ੍ਹਾਂ ਚੱਕਾ ਜਾਮ ਰਹੇਗਾ। ਉਨ੍ਹਾਂ ਆਖਿਆ ਕਿ ਹਰ ਵਰਗ ਕਿਸਾਨਾਂ ਦੇ ਨਾਲ ਹੈ। ਇਹ ਪੰਜਾਬ ਬੰਦ ਕੇਂਦਰ ਸਰਕਾਰ ਦੀਆਂ ਜੜ੍ਹਾਂ ਨੂੰ ਹਿਲਾ ਦੇਵੇਗਾ।