ਮਾਲੀ ਵਿਚ ਸੋਨੇ ਦੀ ਖਾਨ ਡਿੱਗਣ ਕਾਰਨ ਵਾਪਰਿਆ ਵੱਡਾ ਹਾਦਸਾ

48 ਮਜ਼ਦੂਰਾਂ ਦੀ ਹੋਈ ਮੌਤ
ਬਮਾਕੋ : ਅਫਰੀਕਾ ਦੇ ਪ੍ਰਮੁੱਖ ਸੋਨਾ ਉਤਪਾਦਕ ਦੇਸ਼ਾਂ ਵਿਚੋਂ ਇਕ ਮਾਲੀ ਵਿਚ ਇਕ ਸੋਨੇ ਦੀ ਖਾਨ ਵਿਚ ਇਕ ਵੱਡਾ ਹਾਦਸਾ ਵਾਪਰਿਆ ਹੈ, ਜਿਥੇ ਇਕ ਗੈਰ-ਕਾਨੂੰਨੀ ਢੰਗ ਨਾਲ ਚਲਾਈ ਜਾ ਰਹੀ ਸੋਨੇ ਦੀ ਖਾਨ ਢਹਿ ਗਈ, ਜਿਸ ਕਾਰਨ ਘੱਟੋ-ਘੱਟ 48 ਲੋਕ ਮਾਰੇ ਗਏ। ਮਰਨ ਵਾਲਿਆਂ ਵਿਚ ਜ਼ਿਆਦਾਤਰ ਔਰਤਾਂ ਹਨ।
ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ ਤੱਕ 48 ਲੋਕਾਂ ਦੀ ਮੌਤ ਹੋ ਗਈ ਸੀ। ਕੁਝ ਪੀੜਤ ਪਾਣੀ ਵਿਚ ਡਿੱਗ ਪਏ। ਇਕ ਔਰਤ ਦੀ ਲਾਸ਼ ਮਿਲੀ, ਜੋ ਆਪਣੇ ਬੱਚੇ ਨੂੰ ਆਪਣੀ ਪਿੱਠ ’ਤੇ ਚੁੱਕੀ ਬੈਠੀ ਸੀ।
ਇਕ ਸਥਾਨਕ ਅਧਿਕਾਰੀ ਨੇ ਖਾਨ ਢਹਿਣ ਦੀ ਪੁਸ਼ਟੀ ਕੀਤੀ ਹੈ। ਕੇਨੀਬਾ ਗੋਲਡਮਾਈਨਰਜ਼ ਐਸੋਸੀਏਸ਼ਨ ਨੇ ਵੀ ਮਰਨ ਵਾਲਿਆਂ ਦੀ ਗਿਣਤੀ 48 ਦੱਸੀ ਹੈ। ਇਕ ਵਾਤਾਵਰਣ ਸੰਗਠਨ ਦੇ ਮੁਖੀ ਨੇ ਕਿਹਾ ਕਿ ਪੀੜਤਾਂ ਦੀ ਭਾਲ ਜਾਰੀ ਹੈ। ਸ਼ਨੀਵਾਰ ਨੂੰ ਇਹ ਹਾਦਸਾ ਇਕ ਬੰਦ ਖਾਨ ਵਿਚ ਵਾਪਰਿਆ, ਜੋ ਪਹਿਲਾਂ ਇਕ ਚੀਨੀ ਕੰਪਨੀ ਦੁਆਰਾ ਚਲਾਈ ਜਾਂਦੀ ਸੀ। ਇਕ ਸਥਾਨਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਕੈਟਰਪਿਲਰ ਮਸ਼ੀਨ ਕਥਿਤ ਤੌਰ ’ਤੇ ਇਕ ਖਾਨ ਵਿਚ ਡਿੱਗ ਗਈ, ਜਿਥੇ ਔਰਤਾਂ ਦਾ ਇਕ ਸਮੂਹ ਸੋਨੇ ਦੀ ਭਾਲ ’ਚ ਕੰਮ ਕਰ ਰਿਹਾ ਸੀ।
ਮਾਲੀ ਅਫਰੀਕਾ ਦੇ ਪ੍ਰਮੁੱਖ ਸੋਨਾ ਉਤਪਾਦਕ ਦੇਸ਼ਾਂ ’ਚੋਂ ਇਕ ਹੈ। ਇਸ ਦੇ ਬਾਵਜੂਦ ਇਸਨੂੰ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਵਿਚ ਗਿਣਿਆ ਜਾਂਦਾ ਹੈ। ਇਥੇ ਖਾਨਾਂ ਦੀਆਂ ਥਾਵਾਂ ਅਕਸਰ ਘਾਤਕ ਜ਼ਮੀਨ ਖਿਸਕਣ ਅਤੇ ਹਾਦਸਿਆਂ ਦਾ ਗਵਾਹ ਬਣਦੀਆਂ ਹਨ। ਸੋਨੇ ਦੀਆਂ ਖਾਨ੍ਹਾਂ ਬਹੁਤ ਡੂੰਘੀਆਂ ਹਨ, ਜਿਨ੍ਹਾਂ ’ਚੋਂ ਕੁਝ ਕਈ ਕਿਲੋਮੀਟਰ ਡੂੰਘੀਆਂ ਹਨ। ਵੱਡੀਆਂ ਕੰਪਨੀਆਂ ਜ਼ਿਆਦਾਤਰ ਸੋਨਾ ਕੱਢਣ ਤੋਂ ਬਾਅਦ ਸਾਈਟਾਂ ਨੂੰ ਛੱਡ ਦਿੰਦੀਆਂ ਹਨ, ਜਿਸ ਤੋਂ ਬਾਅਦ ਗੈਰ-ਕਾਨੂੰਨੀ ਮਾਈਨਿੰਗ ਮਾਫੀਆ ਉਨ੍ਹਾਂ ’ਤੇ ਕਬਜ਼ਾ ਕਰ ਲੈਂਦੇ ਹਨ। ਇਨ੍ਹਾਂ ਖਾਨਾਂ ’ਚ ਮਜ਼ਦੂਰਾਂ ਤੋਂ ਮਾੜੇ ਹਾਲਾਤਾਂ ਵਿਚ ਕੰਮ ਕਰਵਾਇਆ ਜਾਂਦਾ ਹੈ।

Leave a Reply

Your email address will not be published. Required fields are marked *