ਸੰਗਰੂਰ, 22 ਦਸੰਬਰ -ਸਾਬਕਾ ਕੈਬਨਿਟ ਮੰਤਰੀ ਅਤੇ ਲੋਕ ਸਭਾ ਮੈਂਬਰ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਭਾਜਪਾ ਆਪਣੀ ਸਰਕਾਰ ਦੀਆਂ ਨਾਕਾਮੀਆਂ ਅਤੇ ਲੋਕ ਸਭਾ ’ਚ ਮਿਲੇ ਅੱਧੇ-ਅਧੂਰੇ ਬਹੁਮਤ ਦਾ ਗੁੱਸਾ ਹੁਣ ਸੰਵਿਧਾਨ ਨਿਰਮਾਤਾਵਾਂ ’ਤੇ ਉਤਾਰ ਰਹੀ ਹੈ।
ਸਿੰਗਲਾ ਨੇ ਦੋਸ਼ ਲਾਇਆ ਕਿ ਭਾਜਪਾ ਅਤੇ ਸੰਘ ਦੀ ਸੋਚ ਹਮੇਸ਼ਾ ਫਿਰਕੂ, ਘੱਟ ਗਿਣਤੀਆਂ ਅਤੇ ਦਲਿਤ ਮਜ਼ਦੂਰਾਂ ਦੇ ਵਿਰੋਧੀ ਰਹੀ ਹੈ। ਉਨ੍ਹਾਂ ਮਤਾਬਕ, ਭਾਜਪਾ ਦੇ ਏਜੰਡੇ ’ਚ ਸਭ ਤੋਂ ਵੱਡੀ ਰੁਕਾਵਟ ਬਾਬਾ ਸਾਹਿਬ ਅੰਬੇਡਕਰ ਜੀ ਦਾ ਸੰਵਿਧਾਨ ਹੈ, ਜੋ ਭਾਜਪਾ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੰਦਾ। ਇਸ ਕਾਰਨ, ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ’ਚ ਬਾਬਾ ਸਾਹਿਬ ਦਾ ਅਪਮਾਨ ਕੀਤਾ ਗਿਆ।
ਉਨ੍ਹਾਂ ਨੇ ਦੋਸ਼ ਲਾਇਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਚੁੱਪ ਵੀ ਬਾਬਾ ਸਾਹਿਬ ਅੰਬੇਡਕਰ ਦੇ ਸਨਮਾਨ ਨੂੰ ਠੇਸ ਪਹੁੰਚਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਵੀ ਅਮਿਤ ਸ਼ਾਹ ਨੂੰ ਕੈਬਨਿਟ ਤੋਂ ਬਾਹਰ ਕਰਨ ਦੀ ਬਜਾਏ ਉਨ੍ਹਾਂ ਨੂੰ ਸਹਿਯੋਗ ਦੇ ਰਹੇ ਹਨ ਅਤੇ ਭਾਜਪਾ ਦੇ ਸੰਸਦ ਮੈਂਬਰ ਸੰਸਦ ’ਚ ਗੁੰਡਾਗਰਦੀ ਕਰ ਕੇ ਸੰਸਦ ਨੂੰ ਠੱਪ ਕਰ ਰਹੇ ਹਨ। ਇਸਦੇ ਨਾਲ ਹੀ ਆਰ. ਆਰ. ਐੱਸ. ਸੰਘ ਦਾ ਰਵੱਈਆ ਵੀ ਅੰਬੇਡਕਰ ਸਾਹਿਬ ਨੂੰ ਨੀਚਾ ਦਿਖਾਉਣਾ ਹੀ ਜਾਪ ਰਿਹਾ ਹੈ।
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ’ਤੇ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਹਨ ਪਰ ਕਾਂਗਰਸ ਇਸ ਤਰ੍ਹਾਂ ਦਬਣ ਵਾਲੀ ਨਹੀਂ ਹੈ ਅਤੇ ਦੇਸ਼ ਦੇ ਮੁੱਦੇ ਨਿਡਰਤਾ ਨਾਲ ਉਠਾਉਂਦੀ ਰਹੇਗੀ।
ਸਿੰਗਲਾ ਨੇ ਮੰਗ ਕੀਤੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਜਲਦ ਤੋਂ ਜਲਦ ਮੁਆਫੀ ਮੰਗਣ ਅਤੇ ਅਸਤੀਫਾ ਦੇਣ ਅਤੇ ਦੱਸਿਆ ਕਿ ਉਹ 24 ਦਸੰਬਰ ਨੂੰ ਇਸ ਦੇ ਵਿਰੋਧ ’ਚ ਸੰਗਰੂਰ ’ਚ ਅੰਬੇਡਕਰ ਚੌਕ ਤੋਂ ਡਿਪਟੀ ਕਮਿਸ਼ਨਰ ਦਫਤਰ ਤੱਕ ਵਿਸ਼ਾਲ ਰੋਸ ਮਾਰਚ ਕਰਨਗੇ ਅਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੈਮੋਰੰਡਮ ਸੌਂਪਣਗੇ।
