ਚਾਲਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ : ਟ੍ਰੈਫਿਕ ਇੰਚਾਰਜ ਪਵਨ ਕੁਮਾਰ
ਸੰਗਰੂਰ -: ਜ਼ਿਲਾ ਪੁਲਿਸ ਮੁਖੀ ਸੰਗਰੂਰ ਸਰਤਾਜ ਸਿੰਘ ਚਾਹਲ ਦੇ ਨਿਰਦੇਸ਼ਾਂ ਤਹਿਤ ਇੰਚਾਰਜ ਟ੍ਰੈਫਿਕ ਪੁਲਿਸ ਥਾਣੇਦਾਰ ਪਵਨ ਕੁਮਾਰ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ ਦੀ ਟੀਮ ਨੇ ਵਹੀਕਲਾਂ ਦੀ ਜਾਂਚ ਲਈ ਨਾਕੇਬੰਦੀ ਕਰ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੋਪਹੀਆ ਵਾਹਨਾਂ ਦੇ ਚਲਾਨ ਕੱਟੇ।
ਇਸ ਦੌਰਾਨ ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ’ਤੇ ਵਿਸ਼ੇਸ਼ ਨਜ਼ਰ ਰੱਖਕੇ ਸ਼ਿਕੰਜਾ ਕੱਸਿਆ ਗਿਆ ਅਤੇ ਮਸ਼ੀਨ ਦੀ ਮਦਦ ਨਾਲ 30 ਦੇ ਕਰੀਬ ਈ-ਚਲਾਨ ਕਰ ਕੇ 2,23,000 ਰੁਪਏ ਜੁਰਮਾਨਾ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਅੱਜ ਸਵੇਰੇ ਹੀ ਬੁਲੇਟ ਮੋਟਰਸਾਈਕਲ ’ਤੇ ਪੇਪਰ ਦੇਣ ਆਉਂਦੇ ਕੁਝ ਵਿਦਿਆਰਥੀਆਂ ਦੀ ਪਟਾਕੇ ਪਾਉਂਦਿਆਂ ਦੀ ਵੀਡਿਓ ਵਾਇਰਲ ਹੋਈ ਸੀ, ਜਿਸ ਤੋਂ ਤੁਰੰਤ ਬਾਅਦ ਸੰਗਰੂਰ ਟ੍ਰੈਫਿਕ ਪੁਲਿਸ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ।

ਟ੍ਰੈਫਿਕ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਇਸ ਟੀਮ ’ਚ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਤੇ ਰਾਮ ਸਿੰਘ ਅਤੇ ਪੀ. ਐੱਚ. ਜੀ. ਮਨਜੀਤ ਸਿੰਘ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਆਵਾਜਾਈ ਨਿਯਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਵਾਉਣ ਲਈ ਉਨ੍ਹਾਂ ਦੀ ਟੀਮ ਵੱਲੋਂ ਨਾਕਾਬੰਦੀ ਕਰਦਿਆਂ ਵਹੀਕਲਾਂ ਦੀ ਜਾਂਚ ਕੀਤੀ ਗਈ ਅਤੇ ਬੁਲੇਟ ਮੋਟਰਸਾਈਕਲਾਂ ਨੂੰ ਰੋਕ ਕੇ ਉਨ੍ਹਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਪਟਾਕੇ ਪਾਉਣ ਵਾਲਿਆਂ ਦੇ ਚਲਾਨ ਕੱਟੇ ਗਏ।
ਉਨ੍ਹਾਂ ਕਿਹਾ ਕਿ ਮੋਟਰਸਾਇਕਲਾਂ ਤੇ ਤੀਹਰੀ ਸਵਾਰੀ ਕਰਨ ਵਾਲੇ ਚਾਲਕਾਂ ਦੇ ਵੀ ਚਲਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ। ਟ੍ਰੈਫਿਕ ਇੰਚਾਰਜ ਨੇ ਕਿਹਾ ਕਿ ਆਵਾਜਾਈ ਨਿਯਮਾਂ ਦਾ ਪਾਲਣ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਭਵਿੱਖ ਵਿਚ ਵੀ ਜਾਰੀ ਰਹੇਗੀ।
