ਕੈਰੋਂ : ਜ਼ਿਲ੍ਹਾ ਪੁਲਿਸ ਮੁਖੀ ਅਭਿਮੰਨੂਉ ਰਾਣਾ ਦੀਆਂ ਹਦਾਇਤਾਂ ਤੇ ਪੁਲਿਸ ਥਾਣਾ ਸਿਟੀ ਪੱਟੀ ਵੱਲੋਂ ਗਲਤ ਅਨਸਰਾਂ ਨੂੰ ਨੱਥ ਪਾਉਣ ਲਈ ਲਵਕੇਸ਼ ਸੈਣੀ ਡੀਐੱਸਪੀ ਸਬ-ਡਵੀਜਨ ਪੱਟੀ ਦੀ ਅਗਵਾਈ ਹੇਠ ਨਾਕਾਬੰਦੀ ਕੀਤੀ ਜਾ ਰਹੀ ਸੀ।
ਇਸ ਦੌਰਾਨ ਜਦ ਪੁਲਿਸ ਪਾਰਟੀ ਥਾਣਾ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਵਿਰਕ ਦੀ ਅਗਵਾਈ ਹੇਠ ਪੱਟੀ –ਤਰਨਤਾਰਨ ਰੋਡ ਉਪਰ ਸਰਹਾਲੀ ਮੰਡਾ ਮੋੜ ਨੇੜੇ ਮਾਹੀ ਪੈਲਸ ਵਿਖੇ ਚੈਕਿੰਗ ਕੀਤੀ ਗਈ ਸੀ ਤਾਂ ਇਕ ਨੌਜਵਾਨ ਮੋਟਰਸਾਈਕਲ ਤੇ ਸਰਹਾਲੀ ਮੰਡਾ ਤੋਂ ਪੱਟੀ ਨੂੰ ਆ ਰਿਹਾ ਸੀ, ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਪਿੱਛੇ ਵੱਲ ਭੱਜਣ ਲੱਗਾ, ਜਿਸ ਤੇ ਪੁਲਿਸ ਵੱਲੋ ਪਿੱਛਾ ਕਰਨ ਤੇ ਉਸ ਵੱਲੋਂ ਪੁਲਿਸ ਪਾਰਟੀ ਉਪਰ ਫਾਇਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਤੇ ਪੁਲਿਸ ਵੱਲੋਂ ਵੀ ਜਵਾਬੀ ਕਰਵਾਈ ਕਰਦਿਆਂ ਫਾਇਰਿੰਗ ਕੀਤੀ।
ਇਸ ਦੌਰਾਨ ਇਕ ਗੋਲੀ ਉਕਤ ਨੌਜਵਾਨ ਦੀ ਲੱਤ ਵਿੱਚ ਲੱਗੀ । ਜ਼ਖਮੀਂ ਹਾਲਤ ਵਿਚ ਪੁਲਿਸ ਨੇ ਮੌਕੇ
ਤੇ ਹੀ ਕਾਬੂ ਕਰ ਲਿਆ । ਉਕਤ ਨੌਜਵਾਨ ਦੀ ਪਹਿਚਾਣ ਹਰਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਠੱਕਰਪੁਰਾ ਪੁਲਿਸ ਥਾਣਾ ਸਦਰ ਪੱਟੀ ਵਜੋਂ ਹੋਈ ਹੈ। ਤਲਾਸ਼ੀ ਲੈਣ ਤੇ ਉਸ ਕੋਲੋ 30 ਬੋਰ ਪਿਸਟਲ ਬਰਾਮਦ ਹੋਇਆ ਹੈ ।
ਇਸ ਮੌਕੇ ਥਾਣਾ ਮੁਖੀ ਹਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਜਖਮੀ ਹਾਲਤ ਵਿੱਚ ਕਾਬੂ ਨੌਜਵਾਨ ਨੂੰ ਇਲਾਜ ਲਈ ਭਰਤੀ ਕਰਾਇਆ ਜਾ ਰਿਹਾ ਹੈ ।
ਮੁਲਜ਼ਮ ਨੇ ਕਈ ਘਟਨਾਵਾਂ ਨੂੰ ਦਿੱਤਾ ਅੰਜਾਮ : ਡੀ. ਐੱਸ. ਪੀ.
ਇਸ ਮੌਕੇ ਲਵਕੇਸ਼ ਕੁਮਾਰ ਸੈਣੀ ਡੀਐਸਪੀ ਸਬ ਡਵੀਜਨ ਪੱਟੀ ਨੇ ਦੱਸਿਆ ਕਿ ਉਕਤ ਗੈਗਸਟਰ ਦਾਸੂਵਾਲ ਦਾ ਗੁਰਗਾ ਸੀ, ਜਿਸ ਨੂੰ ਜ਼ਖਮੀ ਹਾਲਤ ਵਿਚ ਕਾਬੂ ਕਰ ਲਿਆ ਗਿਆ ਅਤੇ ਇਸ ਵੱਲੋਂ ਕੀਤੀਆਂ ਗਈਆਂ ਤਿੰਨ ਵਾਰਦਾਤਾਂ ਨੂੰ ਹੱਲ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਪੈਟਰੋਲ ਪੰਪ ਖੇਮਕਰਨ, ਪੱਟੀ ਵਿਖੇ ਵਿੱਕੀ ਨਾਮ ਵਿਅਕਤੀ ਦੇ ਘਰ ਦੇ ਬਾਹਰ ਫਾਇਰੰਗ ਹੋਈ ਸੀ ਅਤੇ ਬੀਤੇ ਕੱਲ੍ਹ ਹੀ ਪਿੰਡ ਦਾਸੂਵਾਲ ਦੇ ਇਕ ਸਕੂਲ ਦੇ ਬਾਹਰ ਗੋਲੀਆਂ ਚਲਾਈਆਂ ਸਨ ।
ਓਹਨਾਂ ਦੱਸਿਆ ਕਿ ਕਾਬੂ ਕੀਤੇ ਬਦਮਾਸ਼ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਅਤੇ ਇਸ ਕੋਲੋਂ ਬਰੀਕੀ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ ਤਾਂ ਜੋਕਿ ਇਸਦੇ ਸਾਥੀਆਂ ਦਾ ਪਤਾ ਲਗਾਇਆ ਜਾ ਸਕੇ ।
