ਪਟਿਆਲਾ -: ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀਆਂ ਦੋ ਦਿਨਾਂ ਸਾਲਾਨਾ ਖੇਡਾਂ ਆਰੰਭ ਹੋ ਗਈਆਂ ਹਨ। ਅੱਜ 47ਵੀਂ ਸਪੋਰਟਸ ਮੀਟ ਅਤੇ ਅਕਾਦਮਿਕ ਇਨਾਮ ਵੰਡ ਸਮਾਰੋਹ ਦੇ ਪਹਿਲੇ ਦਿਨ ਦਾ ਉਦਘਾਟਨ ਡਾਇਰੈਕਟਰ ਸਪੋਰਟਸ ਡਾ. ਅਜੀਤਾ, ਡਾਇਰੈਕਟਰ ਐੱਮ. ਐੱਮ. ਟੀ. ਟੀ. ਸੀ. ਡਾ. ਰਮਨ ਮੈਣੀ, ਸੀਨੀਅਰ ਮੈਡੀਕਲ ਅਫਸਰ ਡਾ. ਰਗੀਨਾ ਮੈਣੀ ਅਤੇ ਚੀਫ ਸਕਿਓਰਿਟੀ ਅਫਸਰ ਕੈਪਟਨ ਗੁਰਤੇਜ ਸਿੰਘ ਵੱਲੋਂ ਕੀਤਾ ਗਿਆ।
ਸਭ ਤੋਂ ਪਹਿਲਾਂ ਝੰਡਾ ਝੁਲਾਉਣ ਦੀ ਰਸਮ ਕੀਤੀ ਗਈ। ਉਪਰੰਤ ਖਿਡਾਰੀਆਂ ਨੇ ਸਹੁੰ ਚੁੱਕੀ ਅਤੇ ਡਾਇਰੈਕਟਰ ਸਪੋਰਟਸ ਡਾ. ਅਜੀਤਾ ਵੱਲੋਂ ਇਹ ਸਮਾਰੋਹ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ ਗਿਆ। ਰੰਗ–ਬਿਰੰਗੀਆਂ ਵਰਦੀਆਂ ’ਚ ਸਜੇ ਵਿਦਿਆਰਥੀਆਂ ਨੇ ਰਵਾਇਤੀ ਮਾਰਚ ਪਾਸਟ ’ਚ ਹਿੱਸਾ ਲਿਆ।
ਇਸ ਤੋਂ ਬਾਅਦ ਮਾਰਚ ਪਾਸਟ ਅਤੇ ਪੀ. ਟੀ. ਦੀ ਯਾਦਗਾਰੀ ਪੇਸ਼ਕਾਰੀ ਕੀਤੀ ਗਈ। ਪਹਿਲੇ ਦਿਨ 36 ਟਰੈਕ ਅਤੇ ਫੀਲਡ ਈਵੈਂਟਸ ਕਰਵਾਏ ਗਏ, ਜਿਸ ’ਚ ਵੱਖ-ਵੱਖ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਪੀ. ਏ. ਟੂ ਰਜਿਸਟਰਾਰ ਪਰਮਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਪੀ. ਟੀ. ਏ. ਪ੍ਰਧਾਨ ਕਸ਼ਮੀਰ ਸਿੰਘ ਅਤੇ ਸਕੂਲ ਦਾ ਸਾਰਾ ਸਟਾਫ਼ ਮੌਜੂਦ ਸੀ। ਸਕੂਲ ਇੰਚਾਰਜ ਸਤਵੀਰ ਸਿੰਘ ਗਿੱਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।