ਵੱਡੀ ਗਿਣਤੀ ਵਿਚ ਟੈਂਟ ਸੜ ਕੇ ਹੋਏ ਸੁਆਹ
ਪ੍ਰਯਾਗਰਾਜ ‘ਚ ਐਤਵਾਰ ਨੂੰ ਮਹਾਕੁੰਭ ਮੇਲਾ ਖੇਤਰ ‘ਚ ਭਿਆਨਕ ਅੱਗ ਲੱਗ ਗਈ। ਇਹ ਅੱਗ ਸੈਕਟਰ 19 ਦੇ ਸ਼ਾਸਤਰੀ ਪੁਲ ਹੇਠ ਲੱਗੀ, ਜਿੱਥੇ 100 ਤੋਂ ਵੱਧ ਟੈਂਟ ਸੜ ਕੇ ਸੁਆਹ ਹੋ ਗਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਨ. ਡੀ. ਆਰ. ਐਫ., ਦੀਆਂ ਟੀਮਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਇਕ ਚਸ਼ਮਦੀਦ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ ਬਹੁਤ ਉੱਚੀਆਂ ਉੱਠ ਰਹੀਆਂ ਸਨ। ਬਹੁਤ ਵੱਡੇ ਇਲਾਕੇ ਵਿੱਚ ਅੱਗ ਲੱਗ ਗਈ ਸੀ।

ਸਥਾਨਕ ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ 100 ਤੋਂ ਜ਼ਿਆਦਾ ਟੈਂਟ ਸੜ ਗਏ ਹਨ। ਇਕ ਵਿਅਕਤੀ ਨੇ ਦੱਸਿਆ ਕਿ ਅੱਗ ਵੱਡੇ ਖੇਤਰ ਵਿਚ ਫੈਲ ਗਈ ਸੀ। ਉਸ ਨੇ ਦੱਸਿਆ ਕਿ ਸਿਲੰਡਰ ਫਟ ਗਿਆ ਸੀ। ਲੋਕਾਂ ਨੇ ਦੱਸਿਆ ਕਿ ਅੱਗ ਕਾਫੀ ਭਿਆਨਕ ਸੀ, ਜਿਸ ਦੀਆਂ ਲਪਟਾਂ ਦੂਰ ਤੱਕ ਦੇਖੀਆਂ ਗਈਆਂ।
ਅੱਗ ‘ਤੇ ਕਾਬੂ ਪਾਉਣ ਲਈ ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਆਲੇ-ਦੁਆਲੇ ਦੇ ਇਲਾਕਿਆਂ ਨੂੰ ਖਾਲੀ ਕਰਵਾ ਰਹੀਆਂ ਹਨ। ਅੱਗ ਸ਼ਾਸਤਰੀ ਪੁਲ ਅਤੇ ਰੇਲਵੇ ਪੁਲ ਦੇ ਵਿਚਕਾਰਲੇ ਖੇਤਰ ਵਿੱਚ ਲੱਗੀ। ਇਹ ਪੂਰਾ ਇਲਾਕਾ ਮਹਾਂਕੁੰਭ ਮੇਲਾ ਖੇਤਰ ਵਿੱਚ ਆਉਂਦਾ ਹੈ।
ਅੱਗ ਹੋਰ ਵੀ ਭਿਆਨਕ ਹੁੰਦੀ ਜਾ ਰਹੀ ਸੀ ਕਿਉਂਕਿ ਟੈਂਟ ਵਿੱਚ ਰੱਖੇ ਸਿਲੰਡਰ ਇੱਕ-ਇੱਕ ਕਰ ਕੇ ਫਟ ਰਹੇ ਸਨ। ਸਿਲੰਡਰ ਫਟਣ ਕਾਰਨ ਅੱਗ ਤੇਜ਼ੀ ਨਾਲ ਫੈਲ ਰਹੀ ਹੈ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਪੂਰੇ ਮੇਲਾ ਖੇਤਰ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਲੋਕ ਅੱਗ ਵਾਲੇ ਖੇਤਰ ਤੋਂ ਸੁਰੱਖਿਅਤ ਥਾਵਾਂ ‘ਤੇ ਜਾ ਰਹੇ ਹਨ।
ਇਸ ਅੱਗ ਦੀ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਸੈਕਟਰ 5 ਵਿੱਚ ਸ਼ੁਰੂ ਹੋਈ ਅੱਗ ਹੌਲੀ-ਹੌਲੀ ਸੈਕਟਰ 19 ਅਤੇ 20 ਵਿੱਚ ਵੀ ਫੈਲ ਗਈ। ਤੇਜ਼ ਹਵਾਵਾਂ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਆਲੇ ਦੁਆਲੇ ਦੇ ਤੰਬੂਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।
ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਅਫਵਾਹਾਂ ਵੱਲ ਧਿਆਨ ਨਾ ਦੇਣ ਦੀ ਅਪੀਲ ਵੀ ਕੀਤੀ ਗਈ ਹੈ।