ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਲਈ ਵੱਡੀ ਚਿੰਤਾ

ਤਾਲਿਬਾਨ ਫੌਜ ਨੇ ਪਾਕਿਸਤਾਨੀ ਫੌਜ ’ਤੇ ਵੱਡੇ ਹਮਲੇ ਦੀ ਯੋਜਨਾ ਬਣਾਈ
ਇਸਲਾਮਾਬਾਦ, 26 ਦਸੰਬਰ : ਬੀਤੇ ਦਿਨ ਪਾਕਿਸਤਾਨ ਵੱਲੋਂ ਅਫ਼ਗਾਨਿਸਤਾਨ ਵਿਚ ਕੀਤੇ ਗਏ ਹਵਾਈ ਹਮਲੇ ਸਬੰਧੀ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਵੱਲੋਂ ਮੂੰਹਤੋੜ ਜਵਾਬ ਦੇਣ ਦੀ ਧਮਕੀ ਕਾਰਨ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਚਿੰਤਾ ਵੱਧ ਗਈ ਹੈ।
ਤਾਲਿਬਾਨ ਫੌਜ ਨੇ ਪਾਕਿਸਤਾਨੀ ਫੌਜ ’ਤੇ ਵੱਡੇ ਹਮਲੇ ਦੀ ਯੋਜਨਾ ਬਣਾਈ ਹੈ, ਜਿਸ ਤਹਿਤ ਪਾਕਿਸਤਾਨ ਫੌਜ ’ਤੇ ਵੱਡਾ ਹਮਲਾ ਕਰ ਕੇ ਜਵਾਬੀ ਕਾਰਵਾਈ ਕਰੇਗਾ। ਪਾਕਿਸਤਾਨ ਨਾਲ ਵੱਧਦੇ ਤਣਾਅ ਦਰਮਿਆਨ ਤਾਲਿਬਾਨ ਸਰਕਾਰ ਨੇ ਸਰਹੱਦੀ ਇਲਾਕਿਆਂ ਵਿਚ ਭਾਰੀ ਹਥਿਆਰਾਂ ਦੀ ਤਾਇਨਾਤੀ ਕੀਤੀ ਹੈ।
ਸੂਤਰਾਂ ਅਨੁਸਾਰ ਇਕ ਬੇਮਿਸਾਲ ਕਦਮ ਵਿਚ ਪਾਕਿਸਤਾਨੀ ਹਵਾਈ ਸੈਨਾ ਨੇ ਮੰਗਲਵਾਰ ਰਾਤ ਨੂੰ ਅਫਗਾਨਿਸਤਾਨ ’ਚ ਘਾਤਕ ਹਵਾਈ ਹਮਲੇ ਕੀਤੇ। ਪਾਕਿਸਤਾਨ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਹਮਲਾ ਅੱਤਵਾਦੀ ਸਮੂਹ ਟੀ. ਟੀ. ਪੀ. ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ, ਜਿਸ ’ਚ ਅਫਗਾਨਿਸਤਾਨ ਦੇ 46 ਨਾਗਰਿਕ ਮਾਰੇ ਗਏ ਸਨ।
ਇਸ ਦੌਰਾਨ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਦਾਅਵਾ ਕੀਤਾ ਕਿ ਹਮਲਿਆਂ ’ਚ ਆਮ ਨਾਗਰਿਕ ਮਾਰੇ ਗਏ ਹਨ ਅਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਹੈ। ਅਫਗਾਨ ਸਰਕਾਰ ਨੇ ਜਵਾਬੀ ਕਾਰਵਾਈ ਕਰਨ ਦੀ ਸਹੁੰ ਖਾਧੀ ਹੈ ਅਤੇ ਸਰਹੱਦ ’ਤੇ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ।
ਅਫਗਾਨਿਸਤਾਨ ਨੇ ਪਾਕਿਸਤਾਨ ਸਰਹੱਦ ਨੇੜੇ ਟੈਂਕ ਅਤੇ ਹੋਰ ਭਾਰੀ ਹਥਿਆਰ ਤਾਇਨਾਤ ਕੀਤੇ
ਪਾਕਿਸਤਾਨ ਨਾਲ ਵੱਧਦੇ ਤਣਾਅ ਦਰਮਿਆਨ ਤਾਲਿਬਾਨ ਸਰਕਾਰ ਨੇ ਸਰਹੱਦੀ ਇਲਾਕਿਆਂ ’ਚ ਭਾਰੀ ਹਥਿਆਰਾਂ ਦੀ ਤਾਇਨਾਤੀ ਕੀਤੀ ਹੈ। ਕਾਬੁਲ ਫਰੰਟਲਾਈਨ ਦੀ ਰਿਪੋਰਟ ਮੁਤਾਬਕ ਭਾਰੀ ਅਤੇ ਏਅਰਕ੍ਰਾਫਟ ਵਿਰੋਧੀ ਹਥਿਆਰ ਸਰਹੱਦ ਵੱਲ ਭੇਜੇ ਜਾ ਰਹੇ ਹਨ। ਅਫਗਾਨਿਸਤਾਨ ਦੇ ਰੱਖਿਆ ਮੰਤਰੀ ਮੁਹੰਮਦ ਯਾਕੂਬ ਮੁਜਾਹਿਦ ਵੱਲੋਂ ਪਾਕਿਸਤਾਨ ਨੂੰ ਚਿਤਾਵਨੀ ਦੇਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ। ਮੁਜਾਹਿਦ ਨੇ ਸਪੱਸ਼ਟ ਕਿਹਾ ਕਿ ਪਾਕਿਸਤਾਨ ਦੇ ਹਵਾਈ ਹਮਲਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ ਅਤੇ ਸਖ਼ਤ ਜਵਾਬ ਦਿੱਤਾ ਜਾਵੇਗਾ।
ਅਫਗਾਨਿਸਤਾਨ ਨੇ ਜਵਾਬੀ ਕਾਰਵਾਈ ਦੀ ਮੰਗ ਕੀਤੀ
ਮਾਹਿਰਾਂ ਮੁਤਾਬਕ ਅਫਗਾਨ ਤਾਲਿਬਾਨ ਹੁਣ ਪਾਕਿਸਤਾਨ ਦੇ ਹਮਲਿਆਂ ਦਾ ਕਰੜਾ ਜਵਾਬ ਦੇ ਸਕਦਾ ਹੈ। ਤਾਲਿਬਾਨ ਦੇ ਇਕ ਧੜੇ ਦਾ ਇਹ ਵੀ ਮੰਨਣਾ ਹੈ ਕਿ ਪਾਕਿਸਤਾਨ ਖ਼ਿਲਾਫ਼ ਸਖ਼ਤ ਜਵਾਬੀ ਕਾਰਵਾਈ ਭਵਿੱਖ ਵਿਚ ਹੋਣ ਵਾਲੇ ਹਮਲਿਆਂ ਨੂੰ ਰੋਕਣ ’ਚ ਮਦਦਗਾਰ ਹੋ ਸਕਦੀ ਹੈ। ਇਸ ਨਾਲ ਪਾਕਿਸਤਾਨ-ਅਫਗਾਨਿਸਤਾਨ ਸਰਹੱਦ ’ਤੇ ਤਣਾਅ ਵਧ ਗਿਆ ਹੈ। ਮੰਗਲਵਾਰ ਨੂੰ ਪਾਕਿਸਤਾਨੀ ਫੌਜ ਨੇ ਅਫਗਾਨਿਸਤਾਨ ਦੇ ਪਕਤਿਕਾ ਸੂਬੇ ਦੇ ਬਰਮਲ ਜ਼ਿਲੇ ’ਚ ਦੱਖਣੀ ਵਜ਼ੀਰਿਸਤਾਨ ਦੇ ਨੇੜੇ ਹਮਲਾ ਕੀਤਾ।
ਪਾਕਿਸਤਾਨ ਦਾ ਦਾਅਵਾ ਹੈ ਕਿ ਹਮਲਿਆਂ ਵਿਚ ਟੀ. ਟੀ. ਪੀ. (ਤਹਿਰੀਕ-ਏ-ਤਾਲਿਬਾਨ ਪਾਕਿਸਤਾਨ) ਦੇ ਗੜ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਇਸ ਸਮੂਹ ’ਤੇ ਅਫਗਾਨਿਸਤਾਨ ਵਿਚ ਸ਼ਰਨ ਲੈ ਕੇ ਪਾਕਿਸਤਾਨ ਵਿਚ ਵਾਰ-ਵਾਰ ਅੱਤਵਾਦੀ ਹਮਲੇ ਕਰਨ ਦਾ ਦੋਸ਼ ਲਗਾਇਆ ਹੈ। ਇਹ ਹਵਾਈ ਹਮਲੇ ਪਾਕਿਸਤਾਨੀ ਫੌਜ ਦੇ ਆਪਰੇਸ਼ਨ ਆਜ਼ਮ-ਏ-ਇਸਤਿਕਾਮ ਦਾ ਹਿੱਸਾ ਵੀ ਦੱਸੇ ਜਾ ਰਹੇ ਹਨ।

Leave a Reply

Your email address will not be published. Required fields are marked *