ਲਾੜੇ, ਵਿਚੋਲੇ ਅਤੇ ਪੂਰੇ ਪਰਿਵਾਰ ਨੇ ਬੰਦ ਕਰ ਲਿਆ ਫੋਨ, ਕੁੜੀ ਦੇ ਪਰਿਵਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ
ਅੱਜ ਗੁਰਦਾਸਪੁਰ ਦੇ ਇਕ ਪੈਲਸ ਵਿਚ ਖੁਸ਼ੀਆਂ ਦਾ ਮਾਹੌਲ ਉਸ ਵੇਲੇ ਗਮ ਵਿਚ ਬਦਲ ਗਿਆ, ਜਦੋਂ ਇਕ ਐੱਨ. ਆਰ. ਆਈ. ਲਾੜਾ ਬਰਾਤ ਲੈ ਕੇ ਪੈਲਸ ਵਿਚ ਨਹੀਂ ਪਹੁੰਚਿਆ ਅਤੇ ਲਾੜੇ ਸਮੇਤ ਉਸਦੇ ਪੂਰੇ ਪਰਿਵਾਰ ਨੇ ਫੋਨ ਵੀ ਬੰਦ ਕਰ ਲਏ।
ਬਰਾਤ ਦੀ ਲੰਮੀ ਉਡੀਕ ਤੋਂ ਬਾਅਦ ਲੜਕੀ ਦੇ ਪਰਿਵਾਰ ਨੇ ਗੁਰਦਾਸਪੁਰ ਦੇ ਐੱਸ. ਐੱਸ. ਪੀ. ਦਫਤਰ ਵਿਚ ਪੇਸ਼ ਹੋ ਕੇ ਲੜਕੇ ਤੇ ਉਸਦੇ ਪਰਿਵਾਰ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਦੇਣ ਉਪਰੰਤ ਐੱਸ. ਐੱਸ. ਪੀ. ਦਫ਼ਤਰ ਦੇ ਬਾਹਰ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਗੁਰਦਾਸਪੁਰ ਦੇ ਪਿੰਡ ਸੋਹਲ ਦੇ ਰਹਿਣ ਵਾਲੇ ਹਨ ਅਤੇ ਲੜਕਾ ਪਰਿਵਾਰ ਜ਼ਿਲਾ ਕਪੂਰਥਲੇ ਦੇ ਰੇਲ ਕੋਚ ਫੈਕਟਰੀ ਵਿਚ ਰਹਿੰਦਾ ਹੈ, ਜਿਥੇ ਲੜਕੇ ਦਾ ਪਿਤਾ ਨੌਕਰੀ ਕਰਦਾ ਹੈ ਅਤੇ ਲੜਕਾ ਕੈਨੇਡਾ ਵਿਚ ਰਹਿੰਦਾ ਹੈ।
ਉਨ੍ਹਾਂ ਦੱਸਿਆ ਕਿ ਐੱਨ. ਆਰ. ਆਈ. ਲੜਕੇ ਦਾ ਨਾਮ ਪੰਕਜ ਕੁਮਾਰ ਬੈਂਸ ਨਿਵਾਸੀ ਕਪੂਰਥਲਾ ਦਾ ਹੈ, ਜਿਸ ਨੂੰ ਕੱਲ੍ਹ ਰੇਲ ਕੋਚ ਫੈਕਟਰੀ ਨੇੜੇ ਇਕ ਪੈਲਸ ਵਿਚ ਸ਼ਗਨ ਲੱਗਿਆ ਸੀ। ਲੜਕੀ ਦੇ ਪਰਿਵਾਰ ਨੇ ਕਿਹਾ ਕਿ ਲੜਕੇ ਨੇ ਪਹਿਲਾਂ ਵੀ ਕਿਸੇ ਲੜਕੀ ਨਾਲ ਰਿਸ਼ਤਾ ਕੀਤਾ ਹੋਇਆ ਸੀ ਅਤੇ ਬੀਤੇ ਕੱਲ੍ਹ ਸ਼ਗਨ ਟਾਈਮ ਉਸ ਲੜਕੀ ਨੇ ਉੱਥੇ ਪਹੁੰਚ ਕੇ ਦਾਅਵਾ ਕੀਤਾ ਸੀ ਕਿ ਇਸ ਲੜਕੇ ਨੇ ਪਹਿਲਾਂ ਵੀ ਉਸ ਨਾਲ ਰਿਸ਼ਤਾ ਕੀਤਾ ਹੈ, ਜਿਸ ਤੋਂ ਬਾਅਦ ਲੜਕੇ ਵਾਲਿਆਂ ਨੇ ਸਾਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਕੱਲ੍ਹ ਤੁਸੀਂ ਬਰਾਤ ਦੀ ਤਿਆਰੀ ਕਰੋ ਅਸੀਂ ਸਭ ਕੁਝ ਠੀਕ ਕਰ ਦਵਾਂਗੇ।
ਅੱਜ ਪੈਲਸ ਵਿਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਪਰ ਲੜਕੇ ਵਾਲੇ ਬਰਾਤ ਲੈ ਕੇ ਨਹੀਂ ਪਹੁੰਚੇ ਅਤੇ ਜਦੋਂ ਉਨ੍ਹਾਂ ਨੂੰ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੋਨ ਬੰਦ ਹੈ ਅਤੇ ਵਿਚੋਲੇ ਅਤੇ ਐੱਨ. ਆਰ. ਆਈ. ਲੜਕੇ ਨੇ ਵੀ ਆਪਣਾ ਫੋਨ ਬੰਦ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਐੱਸ. ਐੱਸ. ਪੀ. ਗੁਰਦਾਸਪੁਰ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਇਨਸਾਫ ਦੀ ਗੁਹਾਰ ਲਗਾਈ ਹੈ। ਪਰਿਵਾਰ ਨੂੰ ਐੱਸ. ਐੱਸ. ਪੀ. ਗੁਰਦਾਸਪੁਰ ਨੇ ਮੁਕੱਦਮਾ ਦਰਜ ਕਰਨ ਲਈ ਸਬੰਧਤ ਥਾਣੇ ਨੂੰ ਆਦੇਸ਼ ਦਿੱਤੇ ਹਨ।
