ਥਾਣਾ ਕੱਥੂਨੰਗਲ ਦੀ ਪੁਲਿਸ ਨੇ ਇਸ ਘਟਨਾ ਦੀ ਸਚਾਈ ਤੋ ਝਾੜਿਆ ਪੱਲਾ
ਚਵਿੰਡਾ ਦੇਵੀ-ਪੁਲਸ ਥਾਣਾ ਕੱਥੂਨੰਗਲ ਅਧੀਨ ਪੈਂਦੇ ਕਸਬਾ ਚਵਿੰਡਾ ਦੇਵੀ ਵਿਖੇ ਅੱਜ ਬਾਅਦ ਦੁਪਹਿਰ ਅਣਪਛਾਤੇ ਵਿਅਕਤੀਆਂ ਅਤੇ ਪੁਲਸ ਦਰਮਿਆਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਅਾਇਅਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਣਪਛਾਤੇ ਵਿਅਕਤੀ ਇਕ ਗੱਡੀ ਵਿਚ ਸਵਾਰ ਸਨ ਅਤੇ ਉਨ੍ਹਾਂ ਦਾ ਪਿੱਛਾ ਪੁਲਸ ਕਰ ਰਹੀ ਸੀ। ਜਦੋਂ ਉਹ ਕਸਬਾ ਚਵਿੰਡਾ ਦੇਵੀ ’ਚ ਪਹੁੰਚੇ ਤਾਂ ਪੁਲਸ ਅਤੇ ਅਣਪਛਾਤੇ ਵਿਅਕਤੀਆਂ ਵਿਚਕਾਰ ਟਾਕਰਾ ਹੋ ਗਿਆ। ਜਦੋਂਕਿ ਅਣਪਛਾਤੇ ਵਿਅਕਤੀ ਆਪਣੀ ਗੱਡੀ ਛੱਡ ਕੇ ਪਿੰਡ ਦੀ ਇਕ ਗਲੀ ਵਿਚੋਂ ਭੱਜਣ ਲੱਗੇ ਤਾਂ ਪੁਲਸ ਉਨ੍ਹਾਂ ਦੇ ਪਿੱਛੇ ਭੱਜੀ ਤਾਂ ਉਨ੍ਹਾਂ ਪੁਲਸ ’ਤੇ ਗੋਲੀ ਚਲਾ ਦਿੱਤੀ।
ਸਥਾਨਕ ਲੋਕਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਕੁਝ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ।
ਪੁਲਸ ਅਤੇ ਅਣਪਛਾਤੇ ਦਰਮਿਆਨ ਇਸ ਭੱਜ ਦੌੜ ਵਿਚ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ । ਜਦੋਂ ਇਸ ਘਟਨਾ ਸਬੰਧੀ ਥਾਣਾ ਕੱਥੂਨੰਗਲ ਦੇ ਐੱਸ. ਐੱਚ. ਓ. ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਖਬਰ ਲਿਖੇ ਜਾਣ ਤੱਕ ਇਸ ਘਟਨਾ ਦਾ ਪੂਰੀ ਤਰ੍ਹਾਂ ਖੁਲਾਸਾ ਨਹੀਂ ਹੋ ਸਕਿਆ, ਜਿਸ ਕਰ ਕੇ ਇਹ ਸਾਰੀ ਘਟਨਾ ਇੱਕ ਬੁਝਾਰਤ ਬਣੀ ਹੋਈ ਹੈ।
